ਗਰਮੀਆਂ ਦੀਆਂ ਛੁੱਟੀਆਂ ਸਿਰਜਣਾਤਮਕ ਗਤੀਵਿਧੀਆਂ ਲਈ ਢੁੱਕਵਾਂ ਸਮਾਂ : ਚੇਅਰਮੈਨ ਕੁਲਵੰਤ ਸਿੰਘ ਸੰਧੂ

ਕੋਟ ਈਸੇ ਖਾਂ, 23 ਜੂਨ (ਜਸ਼ਨ ) : ਸਿਖਿਆ ਖੇਤਰ ਅਤੇ ਸਮਾਜਿਕ ਜ਼ਿੰਦਗੀ ਦੀ ਇਹ ਅਟੱਲ ਸਚਾਈ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਵਿਦਿਆਰਥੀਆਂ ਲਈ ਆਰਾਮ ਅਤੇ ਮਨੋਰੰਜਨ ਦਾ ਸਮਾਂ ਹੁੰਦੀਆਂ ਹਨ, ਪਰ ਇਸ ਦੇ ਨਾਲ-ਨਾਲ ਆਪਣੀ ਪੜ੍ਹਾਈ ਵੱਲ ਵੀ ਪੂਰੀ ਤਰ੍ਹਾਂ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਛੁੱਟੀਆਂ ਦਾ ਸਹੀ ਉਪਯੋਗ ਕਰਕੇ ਵਿਦਿਆਰਥੀ ਆਪਣੀ ਗਿਆਨ-ਸਮਰੱਥਾ ਵਿਚ ਵਾਧਾ ਕਰ ਸਕਦੇ ਹਨ ਅਤੇ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਮਜ਼ਬੂਤ ਤਿਆਰੀ ਕਰ ਸਕਦੇ ਹਨ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਵਿਦਿਆਰਥੀਆਂ ਲਈ ਆਰਾਮ ਅਤੇ ਮਨੋਰੰਜਨ ਦਾ ਸਮਾਂ ਹੁੰਦੀਆਂ ਹਨ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਪੜ੍ਹਾਈ ਪ੍ਰਤੀ ਵੀ ਪੂਰੀ ਤਰ੍ਹਾਂ ਗੰਭੀਰ ਅਤੇ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛੁੱਟੀਆਂ ਚ ਵਿਦਿਆਰਥੀ ਆਪਣੇ ਗਿਆਨ ਵਿਚ ਵਾਧਾ ਕਰ ਸਕਦੇ ਹਨ ਅਤੇ ਆਉਣ ਵਾਲੇ ਵਿਦਿਅਕ ਸੈਸ਼ਨ ਲਈ ਮਜ਼ਬੂਤ ਤਿਆਰੀ ਕਰ ਸਕਦੇ ਹਨ। ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿਚ ਹਰ ਵਿਦਿਆਰਥੀ ਲਈ ਸਮੇਂ ਦੀ ਕਦਰ ਕਰਨਾ ਬਹੁਤ ਜ਼ਰੂਰੀ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਰੋਜ਼ਾਨਾ ਕੁਝ ਸਮਾਂ ਪਾਠ ਪੁਸਤਕਾਂ ਦੇ ਅਧਿਐਨ, ਆਮ ਗਿਆਨ, ਸਾਹਿਤਕ ਪੁਸਤਕਾਂ ਅਤੇ ਸਿਰਜਣਾਤਮਕ ਗਤੀਵਿਧੀਆਂ ਲਈ ਜ਼ਰੂਰ ਕੱਢਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਪੜ੍ਹਾਈ ਮਜ਼ਬੂਤ ਹੁੰਦੀ ਹੈ, ਸਗੋਂ ਉਨ੍ਹਾਂ ਦੇ ਵਿਚਾਰਾਂ ਵਿਚ ਵੀ ਨਵੀਂ ਤਾਜ਼ਗੀ ਅਤੇ ਵਿਸ਼ਾਲਤਾ ਆਉਂਦੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਛੁੱਟੀਆਂ ਦੌਰਾਨ ਪੜ੍ਹਾਈ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਲਈ ਅਜਿਹਾ ਮਾਹੌਲ ਤਿਆਰ ਕਰਨ ਜਿਸ ਨਾਲ ਬੱਚੇ ਪੜ੍ਹਾਈ ਪ੍ਰਤੀ ਰੁਚੀ ਬਣਾਈ ਰੱਖ ਸਕਣ। ਨਾਲ ਹੀ ਵਿਦਿਆਰਥੀਆਂ ਨੂੰ ਖੇਡਾਂ, ਸਰੀਰਕ ਕਸਰਤ ਅਤੇ ਸਮਾਜਿਕ ਗਤੀਵਿਧੀਆਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ।


