ਮਹਿਲਾ ਸੰਕੀਰਤਨ ਮੰਡਲ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਅਤੇ ਸਮਾਜਿਕ ਸਮਾਗਮ ਸ਼ਲਾਘਾਯੋਗ : ਪਾਰਸ਼ਦ ਡਿੰਪਲ ਅਰੋੜਾ

ਮੋਗਾ, 15 ਜੂਨ (JASHAN ) : ਅੱਜ ਸੰਕ੍ਰਾਂਤੀ ਦੇ ਪਾਵਨ ਮੌਕੇ 'ਤੇ ਮਹਿਲਾ ਸੰਕੀਰਤਨ ਮੰਡਲ ਵੱਲੋਂ ਵਾਰਡ ਨੰਬਰ 38 ਦੇ ਆਰਿਆ ਸਕੂਲ ਰੋਡ ਵਿਖੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਠੰਢੇ ਮਿੱਠੇ ਦੁੱਧ ਅਤੇ ਜਲ ਦੀ ਛਬੀਲ ਲਗਾਈ ਗਈ। ਇਸ ਪੁੰਨ ਦੇ ਕਾਰਜ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸੇਵਾ ਭਾਵਨਾ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਮਿੱਠਾ ਜਲ ਅਤੇ ਦੁੱਧ ਵੰਡਿਆ।
ਇਸ ਮੌਕੇ ਵਾਰਡ ਨੰਬਰ 38 ਦੀ ਪਾਰਸ਼ਦ ਡਿੰਪਲ ਅਰੋੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਪਾਰਸ਼ਦ ਡਿੰਪਲ ਅਰੋੜਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਹਿਲਾ ਸੰਕੀਰਤਨ ਮੰਡਲ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਸਮਾਗਮ ਬਹੁਤ ਹੀ ਸ਼ਲਾਘਾਯੋਗ ਹਨ। ਅਜਿਹੇ ਉਪਰਾਲੇ ਸਮਾਜ ਵਿੱਚ ਆਪਸੀ ਪਿਆਰ, ਸਾਂਝ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਸਾਰਿਆਂ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਸਮਾਜ ਵਿੱਚ ਪਿਆਰ, ਭਾਈਚਾਰੇ ਅਤੇ ਸੇਵਾ ਦੀ ਭਾਵਨਾ ਹਮੇਸ਼ਾ ਕਾਇਮ ਰਹੇ। ਉਨ੍ਹਾਂ ਨੇ ਲੋਕਾਂ ਨੂੰ ਮਨੁੱਖਤਾ ਅਤੇ ਸੇਵਾ ਦੇ ਮਾਰਗ 'ਤੇ ਚੱਲਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਮਹਿਲਾ ਸੰਕੀਰਤਨ ਮੰਡਲ ਦੀਆਂ ਮੈਂਬਰਾਂ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਪੂਰੀ ਸ਼ਰਧਾ ਨਾਲ ਸੇਵਾ ਨਿਭਾਈ।


