ਕੋਟ ਈਸੇ ਖਾਂ ਦੇ ਵਾਰਡ ਨੰਬਰ 7, ‘ਚ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਤਲਖ਼ੀ ਵਾਲਾ ਮਾਹੌਲ

****ਵਾਰਡ ਸੰਵੇਦਨਸ਼ੀਲ ਐਲਾਨੇ ਜਾਣ ਤੋਂ ਬਾਅਦ ਪੁਲੀਸ ਦੀ ਸਖ਼ਤੀ
ਹਰਦੀਪ ਸਿੰਘ
ਧਰਮਕੋਟ/ਕੋਟ ਈਸੇ ਖਾਂ 26 ਮਈ –
ਇੱਥੇ ਦੇ ਵਾਰਡ ਨੰਬਰ 7 ਵਿੱਚ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਮਾਹੌਲ ਤਲਖ਼ੀ ਵਾਲਾ ਬਣਿਆ ਹੋਇਆ ਹੈ। ਇੱਥੇ ਸਾਬਕਾ ਆਪ ਆਗੂ ਦੇ ਨਜ਼ਦੀਕੀ ਰਿਸ਼ਤੇਦਾਰ ਬੀਬੀ ਮਨਜੀਤ ਕੌਰ ਅਤੇ ਆਪ ਉਮੀਦਵਾਰ ਸੁਖਨਜੀਤ ਕੌਰ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ।ਪਿਛਲੀ ਵਾਰ ਵੀ ਇਸ ਵਾਰਡ ਤੋਂ ਆਪ ਆਗੂ ਦੇ ਛੋਟੇ ਭਰਾ ਆਪ ਵਲੋਂ ਕੌਂਸਲਰ ਸਨ। ਲੇਕਿਨ ਇਸ ਵਾਰ ਇਹ ਪਰਿਵਾਰ ਆਜ਼ਾਦ ਚੋਣ ਲੜ ਰਿਹਾ ਹੈ।ਇਸ ਵਾਰਡ ਦਾ ਪੋਲਿੰਗ ਬੂਥ ਬਲਾਕ ਪੰਚਾਇਤ ਅਫ਼ਸਰ ਵਿਖੇ ਬਣਾਇਆ ਗਿਆ ਹੈ।ਵੋਟਿੰਗ ਸ਼ੁਰੂ ਹੁੰਦੇ ਹੀ ਆਪ ਉਮੀਦਵਾਰ ਦੇ ਵੱਡੀ ਗਿਣਤੀ ਵਿੱਚ ਸਮੱਰਥਕ ਅਮਨ ਟੱਕਰ ਦੀ ਅਗਵਾਈ ਹੇਠ ਚੋਣ ਬੂਥ ਪਾਸ ਆਏ ਤਾਂ ਪੁਲੀਸ ਅਧਿਕਾਰੀ ਜਨਕ ਰਾਜ ਦੀ ਅਗਵਾਈ ਹੇਠ ਉੱਥੇ ਤਾਇਨਾਤ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਪੋਲਿੰਗ ਸਟੇਸ਼ਨ ਅੰਦਰ ਜਾਣ ਤੋਂ ਰੋਕ ਦਿੱਤਾ ਜਿਸ ਸਦਕਾ ਭੀੜ ਦੀ ਪੁਲੀਸ ਨਾਲ ਤਕਰਾਰਬਾਜ਼ੀ ਹੋ ਗਈ। ਪੁਲੀਸ ਨੇ ਪੂਰੀ ਸਖ਼ਤੀ ਨਾਲ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ।ਇਸਦੀ ਜਾਣਕਾਰੀ ਮਿਲ਼ਦੇ ਹੀ ਡੀਐਸਪੀ ਸੁਖਵਿੰਦਰ ਸਿੰਘ ਬਰਾੜ ਮੌਕੇ ਤੇ ਪੁੱਜ ਗਏ। ਉਨ੍ਹਾਂ ਪੋਲਿੰਗ ਸਟੇਸ਼ਨ ਦੇ ਬਾਹਰ ਸੁਰੱਖਿਆ ਦੇ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਹਿਦਾਇਤ ਕੀਤੀ। ਕੁਝ ਚਿਰ ਦੇ ਰੌਲ਼ੇ ਰੱਪੇ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ। ਉਝ ਸਟੇਸ਼ਨ ਅੰਦਰ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ।


