ਸਰਕਾਰੀ ਸਕੂਲ ਸਿੰਘਾਂਵਾਲਾ ਵਿਖੇ ਨਸ਼ਾ ਵਿਰੋਧੀ ਪ੍ਰੋਗਰਾਮ

ਮੋਗਾ,8 ਮਈ (ਜਸ਼ਨ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੰਘਾਂਵਾਲਾ ਵਿਖੇ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।

ਸਭ ਤੋਂ ਪਹਿਲਾਂ ਸਵੇਰ ਦੀ ਸਭਾ ਦੌਰਾਨ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੇ "ਨਸ਼ਿਆਂ ਨੂੰ ਕਦੇ ਵੀ ਨਾ ਲੈਣ" ਦੀ ਸਹੁੰ ਚੁੱਕੀ ਅਤੇ "ਨਸ਼ਿਆਂ ਨੂੰ ਨਾਂਹ" ਕਹਿਣ ਦਾ ਪ੍ਰਣ ਲਿਆ।

ਇਸ ਤੋਂ ਬਾਅਦ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਡਾ. ਜਸਵਿੰਦਰ ਸਿੰਘ, ਸੇਵਾ-ਮੁਕਤ HOD, ਰੀਹੈਬ ਸੈਂਟਰ, ਮੋਗਾ ਅਤੇ ਸ. ਮਨਜੀਤ ਸਿੰਘ ਬਾਵਾ, ਲੈਕਚਰਾਰ ਫਿਜ਼ਿਕਸ, ਸ.ਸ.ਸ.ਸ. ਭੀਮ ਨਗਰ, ਜੋ ਕਿ ਮੋਗਾ ਜ਼ਿਲ੍ਹੇ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਇੰਚਾਰਜ ਅਤੇ ਫਿਜ਼ਿਕਸ ਰਿਸੋਰਸ ਪਰਸਨ ਹਨ, ਨੇ ਸ਼ਿਰਕਤ ਕੀਤੀ।

ਦੋਵੇਂ ਬੁਲਾਰਿਆਂ ਨੇ ਵਿਦਿਆਰਥੀਆਂ, ਖਾਸ ਕਰਕੇ ਕਿਸ਼ੋਰ ਅਵਸਥਾ ਦੇ ਬੱਚਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਨ ਕੀਤਾ। ਉਨ੍ਹਾਂ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕਰਦਿਆਂ ਸਮਝਾਇਆ ਕਿ ਜੋ ਵਿਅਕਤੀ ਇੱਕ ਵਾਰ ਨਸ਼ੇ ਦੇ ਜਾਲ ਵਿੱਚ ਫਸ ਜਾਂਦਾ ਹੈ, ਉਸ ਦਾ ਜੀਵਨ ਅਤੇ ਪਰਿਵਾਰ ਦੋਵੇਂ ਤਬਾਹ ਹੋ ਜਾਂਦੇ ਹਨ ਅਤੇ ਉਹ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦਾ।

ਇਹ ਸਮਾਗਮ ਸਕੂਲ ਦੀ ਨੋਡਲ ਅਫ਼ਸਰ ਸ੍ਰੀਮਤੀ ਸਾਕਸ਼ੀ ਸੂਦ, ਸਕੂਲ ਪ੍ਰਿੰਸੀਪਲ ਇੰਚਾਰਜ ਸ. ਰਣਜੀਤ ਸਿੰਘ, ਡੀ.ਪੀ. ਸ. ਅੰਮ੍ਰਿਤਪਾਲ ਸਿੰਘ, ਲੈਕਚਰਾਰ ਨੀਲਮ ਮੈਡਮ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਸੰਪੰਨ ਹੋਇਆ। ਸਾਰੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਦ੍ਰਿੜਤਾ ਨਾਲ 'ਨਾਂਹ' ਕਹਿਣ ਲਈ ਪ੍ਰੇਰਿਤ ਕੀਤਾ।