ਹੋਲੀ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮਲੇਰੀਆ ਤੋਂ ਬਚਾਅ ਦਾ ਦਿੱਤਾ ਸੰਦੇਸ਼

ਮੋਗਾ, 30 ਅਪ੍ਰੈਲ (ਜਸ਼ਨ ) ‘ਵਿਸ਼ਵ ਮਲੇਰੀਆ ਦਿਵਸ’ ਦੇ ਮੌਕੇ ’ਤੇ ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ, ਮੋਗਾ ਦੇ ਵਿਦਿਆਰਥੀਆਂ ਵੱਲੋਂ ਇੱਕ ਪ੍ਰਭਾਵਸ਼ਾਲੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਸਕੂਲ ਦੇ ਸੀਨੀਅਰ ਸੈਕਸ਼ਨ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਮਲੇਰੀਆ ਵਰਗੀ ਖ਼ਤਰਨਾਕ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ। ਰੈਲੀ ਦੀ ਸ਼ੁਰੂਆਤ ਸਕੂਲ ਪ੍ਰਾਗਣ ਤੋਂ ਕੀਤੀ ਗਈ, ਜਿੱਥੋਂ ਵਿਦਿਆਰਥੀ ਬੈਨਰ ਅਤੇ ਤਖ਼ਤੀਆਂ ਹੱਥਾਂ ਵਿਚ ਫੜ ਕੇ ਨਾਅਰੇ ਲਗਾਉਂਦੇ ਹੋਏ ਅੱਗੇ ਵਧੇ। ਵਿਦਿਆਰਥੀਆਂ ਵੱਲੋਂ ਲਗਾਏ ਗਏ ਨਾਅਰੇ, ਜਿਵੇਂ ਕਿ ‘ਮਲੇਰੀਆ ਤੋਂ ਬਚਣਾ ਹੈ, ਤਾਂ ਸਫ਼ਾਈ ਨੂੰ ਅਪਣਾਉਣਾ ਹੈ’ ਅਤੇ ‘ਖੜ੍ਹਾ ਪਾਣੀ ਖਤਮ ਕਰੋ, ਮੱਛਰਾਂ ਤੋਂ ਬਚੋ’ ਲੋਕਾਂ ਵਿਚ ਖਾਸ ਚਰਚਾ ਦਾ ਵਿਸ਼ਾ ਬਣੇ। ਰੈਲੀ ਦੌਰਾਨ ਵਿਦਿਆਰਥੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਇਹ ਵੀ ਸਮਝਾਇਆ ਕਿ ਮਲੇਰੀਆ ਮੱਛਰਾਂ ਰਾਹੀਂ ਫੈਲਣ ਵਾਲੀ ਬਿਮਾਰੀ ਹੈ ਅਤੇ ਇਸ ਤੋਂ ਬਚਣ ਲਈ ਸਾਫ਼-ਸਫ਼ਾਈ ਬਹੁਤ ਜ਼ਰੂਰੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ, ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖਣ ਅਤੇ ਨਿਯਮਿਤ ਤੌਰ ‘ਤੇ ਸਫ਼ਾਈ ਦਾ ਧਿਆਨ ਰੱਖਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ ਅਤੇ ਰਿਪੈਲੈਂਟ ਦੀ ਵਰਤੋਂ ਕਰਨੀ ਚਾਹੀਦੀ ਹੈ। ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਹੁੰਦੀ ਹੈ। ਜੇਕਰ ਅਸੀਂ ਸਾਰੇ ਮਿਲ ਕੇ ਸਫ਼ਾਈ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਈਏ, ਤਾਂ ਅਜਿਹੀਆਂ ਬਿਮਾਰੀਆਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਰੈਲੀ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਲੋਕਾਂ ਨੂੰ ਸਫ਼ਾਈ ਅਤੇ ਸਿਹਤ ਪ੍ਰਤੀ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ ਅਤੇ ਵਚਨ ਲਿਆ ਕਿ ਉਹ ਭਵਿੱਖ ਵਿੱਚ ਵੀ ਅਜਿਹੀਆਂ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈਂਦੇ ਰਹਿਣਗੇ।


