ਤਰਸ ਦਾ ਪਾਤਰ ਬਣਿਆ ਵਾਰਡ ਨੰਬਰ 42, ਅਣਦੇਖੀ ਖ਼ਿਲਾਫ਼ ਕੌਂਸਲਰ ਗੌਰਵ ਗੁਪਤਾ ਗੁੱਡੂ ਵਲੋਂ ਸੰਘਰਸ਼ ਦਾ ਐਲਾਨ

ਮੋਗਾ, 29 ਅਪ੍ਰੈਲ (ਜਸ਼ਨ ) ਇੱਕ ਪਾਸੇ ਜਿੱਥੇ ਨਗਰ ਨਿਗਮ ਮੋਗਾ ਵਲੋਂ ਸ਼ਹਿਰ ਦੇ ਸਮੂੰਹ ਵਾਰਡਾਂ ਦਾ ਵਿਕਾਸ ਤੇਜ਼ੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਦੁੂਜੇ ਪਾਸੇ ਸ਼ਹਿਰ ਦਾ ਵਾਰਡ ਨੰਬਰ 42 ਵਿਕਾਸ ਦੀ ਦੌੜ ਵਿਚ ਪਛੜਦਾ ਜਾ ਰਿਹਾ ਹੈ, ਜਿਸ ਕਰਕੇ ਮੌਜੂਦਾ ਕੌਂਸਲਰ ਤੇ ਵਾਰਡ ਵਾਸੀ ਪ੍ਰੇਸ਼ਾਨੀ ਦੇ ਆਲਮ ਵਿਚੋਂ ਲੰਘ ਰਹੇ ਹਨ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਾਰਡ ਕੌਂਸਲਰ ਗੌਰਵ ਗੁਪਤਾ ਗੁੱਡੂ ਵਲੋਂ ਵਾਰਡ ਦੀਆਂ ਉਠਾਈਆਂ ਜਾ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਨਿਗਮ ਅਧਿਕਾਰੀ ਗੰਭੀਰਤਾ ਨਹੀਂ ਦਿਖਾ ਰਿਹਾ ਹੈ ਤੇ ਹਾਲਾਤ ਹੁਣ ਇਹ ਬਣ ਗਏ ਹਨ ਕਿ ਵਾਰਡ ਟੁੱਟੀਆਂ ਸੜਕਾਂ ਦੇ ਇਲਾਕੇ ਨਾਲ ਮਸ਼ਹੂਰ ਹੋਣ ਲੱਗਾ ਹੈ। ਸ਼ਹਿਰ ਦੇ ਅਤਿ ’ਪੌਸ਼’ ਇਲਾਕਿਆਂ ਦੀ ਸੁੂਚੀ ਵਿਚ ਸ਼ਾਮਿਲ ਇਸ ਸੁੰਦਰਤਾ ਭਰੇ ਇਲਾਕੇ ਦੀ ਦਿੱਖ ਨੂੰ ਟੁੱਟੀਆਂ ਸੜਕਾਂ ਨੇ ਵਿਗਾੜ ਕੇ ਰੱਖ ਦਿੱਤਾ ਹੈ। ਗੌਰਵ ਗੁਪਤਾ ਗੁੱਡੂ ਨੇ ਦੋਸ਼ ਲਗਾਇਆਂ ਕਿ ਨਗਰ ਨਿਗਮ ਮੋਗਾ ਵਲੋਂ ਸਰਕਾਰ ਪੱਖੀ ਕੌਂਸਲਰਾਂ ਦੇ ਕੁੱਝ ਉਨ੍ਹਾਂ ਵਾਰਡਾਂ ਦਾ ਵਿਕਾਸ ਕਰਨ ਲਈ ਪ੍ਰੀਮਿਕਸ ਦੀਆਂ ਨਵੀਆਂ ਨਿਕੋਰ ਗਲੀਆਂ ਨੂੰ ਤੋੜ ਕੇ ਇਟਰਲਾਕ ਟਾਇਲਾਂ ਨਾਲ ਨਵੀਆਂ ਬਣਾ ਕੇ ਕਥਿਤ ਤੌਰ ਤੇ ਸਰਕਾਰੀ ਖਜ਼ਾਨੇ ਦੀ ਵੀ ਵੱਡੀ ਕਥਿਤ ’ਲੁੱਟ’ ਕੀਤੀ ਜਾ ਰਹੀ ਹੈ ਜਦੋਂਕਿ ਸ਼ਹਿਰ ਦੇ ਜਿੰਨ੍ਹਾਂ ਵਾਰਡਾਂ ਵਿਚ ਵਿਕਾਸ ਦੀ ਲੋੜ ਹੈ ਉੱਥੇ ਇਸ ਕਰਕੇ ’ਧੇਲੇ’ ਦਾ ਵਿਕਾਸ ਨਹੀਂ ਕੀਤਾ ਜਾ ਰਿਹਾ ਕਿਉਕਿ ਇੰਨ੍ਹਾਂ ਵਾਰਡਾਂ ਦੇ ਕੌਂਸਲਰ ਆਪ ਪਾਰਟੀ ਦੇ ਵਿਰੋਧੀ ਧਿਰਾਂ ਨਾਲ ਸਬੰਧਿਤ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆਂ ਕਿ ਵਾਰਡ ਕੌਂਸਲਰ ਨਾਲ ਸਿਆਸੀ ਰੰਜ ਕਰਕੇ ਸਮੁੱਚੇ ਵਾਰਡ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋਂ ਕਿਸੇ ਵੀ ਤਰ੍ਹਾਂ ਉਚਿੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿੱਧਰੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੇ ਚੁਣੇ ਨੁਮਾਇੰਦੇ ਹੋਣ ਦੇ ਨਾਮ ਤੇ ਉਨ੍ਹਾਂ ਵਲੋਂ ਵਾਰਡ ਦੀਆਂ ਸਮੱਸਿਆਵਾਂ ਸਬੰਧੀ ਵਾਰ ਵਾਰ ਨਗਰ ਨਿਗਮ ਮੋਗਾ ਅਤੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆਂ ਜਾ ਰਿਹਾ ਹੈ ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਅਤੇ ਜੇਕਰ ਆਉਣ ਵਾਲੇ ਦੋ ਤਿੰਨ ਦਿਨਾਂ ਤੱਕ ਸਮੱਸਿਆਵਾਂ ਦਾ ਹੱਲ ਨਾਂ ਹੋਇਆ ਤਾਂ ਉਹ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਮਜ਼ਬੁੂਰੀਵੱਸ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।ਕੌਸ਼ਲਰ ਗੌਰਵ ਗੁਪਤਾ ਗੁੱਡੂ ਨੇ ਇਹ ਵੀ ਦੋਸ਼ ਲਗਾਇਆਂ ਕਿ ਉਹ ਅੱਜ ਵਾਰਡ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿਗਮ ਕਮਿਸ਼ਨਰ ਕੋਲ ਗਏ ਸਨ ਪ੍ਰੰਤੂ ਦਫ਼ਤਰ ਦੇ ਗੇਟ ਮੂਹਰੇ ਲਗਾਤਾਰ ਇੱਕ ਘੰਟਾ ਉਡੀਕ ਕਰਨ ਦੇ ਬਾਵਜੂਦ ਵੀ ਅਧਿਕਾਰੀਆਂ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਤਿੱਖੇ ਸੰਘਰਸ਼ ਬਿਨ੍ਹਾਂ ਕੋਈ ਚਾਰਾ ਨਹੀਂਹੈ। ਉਨ੍ਹਾਂ ਕਮਿਸ਼ਨਰ ਦਫ਼ਤਰ ਮੂਹਰੇ ਰੋਸ ਜਾਹਰ ਕੀਤਾ।


