ਕਿਰਤੀ ਕਿਸਾਨ ਯੂਨੀਅਨ ਦੇ ਵਫਦ ਨੇ ਬਿਜਲੀ ਬੋਰਡ ਦੇ ਚੇਅਰਮੈਨ ਅਤੇ ਡਾਇਰੈਕਟਰ ਵੰਡ ਨੂੰ ਮਿਲ ਕੇ ਸੂਬੇ ਦੇ ਲੋਕਾਂ ਨੂੰ ਲੱਗ ਰਹੇ ਲੰਮੇ ਪਾਵਰ ਕੱਟਾ ਤੋਂ ਨਿਜਾਤ ਦਿਵਾਉਣ ਦੀ ਕੀਤੀ ਮੰਗ

ਪਟਿਆਲਾ 28 ਅਪ੍ਰੈਲ ( JASHAN) ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਵਫ਼ਦ ਨੇ ਅੱਜ ਪੀਐਸਪੀਸੀਐਲ ਦੇ ਚੇਅਰਮੈਨ ਸ਼੍ਰੀ ਬਸੰਤ ਗਰਗ (ਆਈ ਏ ਐਸ) ਅਤੇ ਡਾਇਰੈਕਟਰ ਵੰਡ ਇੰਜ. ਇੰਦਰਵੀਰ ਸਿੰਘ ਨੂੰ ਮਿਲ ਕੇ ਪੰਜਾਬ ਵਿੱਚ ਅੱਤ ਦੀ ਗਰਮੀ ਵਿੱਚ ਬਿਜਲੀ ਦੇ ਲੱਗ ਰਹੇ ਲੰਮੇ ਪਾਵਰ ਕੱਟਾਂ ਤੋਂ ਲੋਕਾਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ ਤੋਂ ਨਿਜਾਤ ਦਵਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ। ਵਫ਼ਦ ਨੇ ਖੇਤੀ ਖੇਤਰ ਨੂੰ ਬੱਝਵੇਂ ਰੂਪ ਵਿੱਚ ਅੱਠ ਘੰਟੇ ਅਤੇ ਨਿਰਵਿਘਨ 24 ਘੰਟੇ ਘਰੇਲੂ ਸਪਲਾਈ ਦੇਣ ਦੀ ਮੰਗ ਕੀਤੀ। ਵਿਭਾਗ ਦੇ ਕੰਮਕਾਜ ਵਿੱਚ ਆਏ ਢਿੱਲੇਪਣ 'ਤੇ ਸਵਾਲ ਖੜੇ ਕਰਦਿਆਂ ਖੇਤੀ ਮੋਟਰਾਂ ਦਾ ਲੋਡ ਵਧਾਉਣ ਲਈ ਰਿਆਇਤੀ ਦਰ ਵਾਲੀ (ਵੀਡੀਐਸ)ਸਕੀਮ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਵਫ਼ਦ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ ਫਰਵਰੀ ਮਾਰਚ ਵਿੱਚ ਬੀਜੀਆਂ ਫਸਲਾਂ ਜਿਵੇਂ ਕਿ ਮੱਕੀ, ਮੂੰਗੀ, ਗੰਨਾ, ਪਸ਼ੂਆਂ ਦਾ ਚਾਰਾ, ਸਬਜ਼ੀਆਂ ਆਦਿ ਪਾਵਰ ਕੱਟ ਲੱਗਣ ਕਾਰਨ ਖਰਾਬ ਹੋ ਰਹੀਆਂ ਹਨ। ਕਿਸਾਨਾਂ ਲਈ ਡੀਜ਼ਲ ਫੂਕ ਕੇ ਪਾਣੀ ਲਾਉਣਾ ਵਿੱਤ ਪੱਖੋਂ ਮਹਿੰਗਾ ਸੌਦਾ ਸਾਬਤ ਹੋ ਰਿਹਾ। ਅੱਤ ਦੀ ਗਰਮੀ ਮੌਕੇ ਘਰੇਲੂ ਸਪਲਾਈ ਦੇ ਰਾਤ ਵੇਲੇ ਲੱਗਦੇ ਲੰਮੇ ਕੱਟਾ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਹੈ। ਹੇਠਲੇ ਅਧਿਕਾਰੀ ਪਟਿਆਲਾ ਤੋਂ ਪਾਵਰ ਕੱਟ ਲਗਾਉਣ ਦੇ ਆਏ ਨਿਰਦੇਸ਼ਾਂ ਦੀ ਗੱਲ ਕਹਿ ਕੇ ਸਪਲਾਈ ਦੇਣ ਤੋਂ ਪੱਲਾ ਝਾੜ ਰਹੇ ਹਨ।
ਵੀਡੀਐਸ ਬਾਰੇ ਅਸੀਂ ਫੈਸਲਾ ਲੈ ਲਿਆ ਹੈ।ਪਾਵਰ ਵਧਾਉਣ ਦੀ ਰਿਆਇਤੀ ਦਰ ਪਹਿਲਾਂ ਤੋਂ ਘਟਾ ਕੇ 2500 ਰੁਪਏ ਕਰ ਦਿੱਤੀ ਹੈ।ਦੋ ਦਿਨ ਵਿਚ ਪੱਤਰ ਜਾਰੀ ਕਰ ਦਿੱਤਾ ਜਾਵੇਗਾ।ਪਾਵਰ ਕੱਟ ਖਤਮ ਕਰਨ ਲਈ ਅਸੀਂ ਬਿਜਲੀ ਦੀ ਖ੍ਰੀਦ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਾਂ। ਅਸੀਂ ਭਰੋਸਾ ਦਿਵਾਉਦੇ ਹਾਂ ਕਿ ਅਗਲੇ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਸਥਿਤੀ 'ਚ ਸੁਧਾਰ ਨਜ਼ਰ ਆ ਜਾਵੇਗਾ।ਖੇਤੀ ਖੇਤਰ ਨੂੰ ਬੱਝਵੇਂ ਰੂਪ ਵਿੱਚ ਦਿਨ ਵੇਲੇ ਬਿਜਲੀ ਦਿੱਤੀ ਜਾਵੇਗੀ। ਪਹਿਲਾ ਜਾਰੀ ਪੰਜ ਘੰਟੇ ਦੀ ਥਾਂ ਤੁਹਾਡੀ ਮੰਗ ਅਨੁਸਾਰ ਅੱਠ ਘੰਟੇ ਸਪਲਾਈ ਦੇਣ ਲਈ ਫ਼ਸਲੀ ਵਿਭਿੰਨਤਾ ਨੂੰ ਮੱਦੇਨਜ਼ਰ ਰੱਖਦਿਆਂ ਖਾਸ ਕਰਕੇ ਸਬਜ਼ੀਆਂ, ਗੰਨਾ ਅਤੇ ਮੱਕੀ ਦੇ ਇਲਾਕਿਆਂ ਵੱਲ ਉਚੇਚਾ ਧਿਆਨ ਦੇਵਾਂਗੇ।
ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਦੀ ਅਗਵਾਈ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਅਤੇ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕੀਤੀ। ਵਫ਼ਦ ਵਿੱਚ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਸਤਬੀਰ ਸਿੰਘ, ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਸੂਬਾ ਆਗੂ ਸੰਤੋਖ ਸਿੰਘ ਸੰਧੂ ਭੁਪਿੰਦਰ ਸਿੰਘ ਲੌਂਗੋਵਾਲ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੀ ਟੀਮ ਵਿੱਚੋਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ,ਸ਼ੇਰ ਸਿੰਘ ਕਾਕੜਾ, ਹਰਵਿੰਦਰ ਸਿੰਘ ਗਿੱਲ, ਮੋਹਰ ਸਿੰਘ, ਕਰਨੈਲ ਸਿੰਘ ਲਾਲਗੜ, ਸੁਰਿੰਦਰ ਸਿੰਘ ਖਾਲਸਾ ਤੇ ਭੁਪਿੰਦਰ ਸਿੰਘ ਵੀ ਸ਼ਾਮਲ ਸਨ।
ਜਥੇਬੰਦੀ ਵੱਲੋਂ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਸੂਬਾ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਪੀਐਸਪੀਸੀਐਲ ਦੇ ਚੇਅਰਮੈਨ ਤੇ ਡਾਇਰੈਕਟਰ ਵੰਡ ਵੱਲੋਂ ਜਥੇਬੰਦੀ ਦੇ ਵਫ਼ਦ ਨੂੰ ਦਿੱਤੇ ਗਏ ਭਰੋਸੇ ਅਨੁਸਾਰ ਜੇਕਰ ਬਿਜਲੀ ਸਪਲਾਈ ਦੀ ਸਥਿਤੀ ਵਿੱਚ ਆਉਣ ਵਾਲੇ ਤਿੰਨ ਦਿਨਾਂ ਦੇ ਅੰਦਰ ਅੰਦਰ ਸੁਧਾਰ ਨਾ ਹੋਇਆ ਤਾਂ ਯੂਨੀਅਨ ਤਿੱਖੇ ਸੰਘਰਸ਼ ਦਾ ਸੱਦਾ ਦੇਣ ਲਈ ਮਜਬੂਰ ਹੋਵੇਗੀ।


