ਆਲਮੀ ਤਪਸ਼ ਦਾ ਫੈਲ ਰਿਹਾ ਚੱਕਰਵਿਊ ਕਿਵੇਂ ਟੁੱਟੇ ?--ਤਰਨਜੀਤ ਸਿੰਘ

ਅਜੋਕੇ ਸਮੇਂ ਵਿਚ ਮਨੁੱਖੀ ਸੱਭਿਅਤਾ ਸਾਹਮਣੇ ਸਭ ਤੋਂ ਵੱਡੀਆਂ ਸਮੱਸਿਆਵਾਂ 'ਚੋਂ ਇਕ ਸਮੱਸਿਆ ਹੈ ਦਿਨੋ-ਦਿਨ ਵਧ ਰਹੀ ਆਲਮੀ ਤਪਸ਼। ਪਿਛਲੇ ਕੁਝ ਦਹਾਕਿਆਂ ਤੋਂ ਧਰਤੀ ਦੇ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਆਲਮੀ ਤਪਸ਼ ਵੀ ਨਿਰੰਤਰ ਵਧਦੀ ਜਾ ਰਹੀ ਹੈ। ਇਸ ਕਾਰਨ ਮੌਸਮ ਦਾ ਵਰਤਾਰਾ ਹੌਲੀ-ਹੌਲੀ ਪਰ ਲਗਾਤਾਰ ਬਦਲ ਰਿਹਾ ਹੈ ਅਤੇ ਕੁਦਰਤੀ ਸੰਤੁਲਨ ਵਿਗੜ ਰਿਹਾ ਹੈ, ਜਿਸ ਨਾਲ ਮਨੁੱਖੀ ਅਤੇ ਬਾਕੀ ਜੀਵਾਂ ਦੇ ਨਾਲ-ਨਾਲ ਖੇਤੀਬਾੜੀ ਲਈ ਵੀ ਕਈ ਖ਼ਤਰੇ ਪੈਦਾ ਹੋ ਰਹੇ ਹਨ। ਆਲਮੀ ਤਪਸ਼ ਕਾਰਨ ਗਲੇਸ਼ੀਅਰ ਲਗਾਤਾਰ ਪਿਘਲ ਰਹੇ ਹਨ। ਵਿਗਿਆਨੀਆਂ ਅਨੁਸਾਰ ਜੇ ਇਹ ਆਲਮੀ ਤਪਸ਼ ਇਸੇ ਤਰ੍ਹਾਂ ਵਧਦੀ ਰਹੀ ਤਾਂ ਭਵਿੱਖ ਵਿਚ ਧਰਤੀ 'ਤੇ ਜੀਵਨ ਲਈ ਗੰਭੀਰ ਸੰਕਟ ਪੈਦਾ ਹੋ ਸਕਦੇ ਹਨ। ਇਸੇ ਲਈ ਵਿਸ਼ਵਵਿਆਪੀ ਤਪਸ਼ ਦੇ ਇਸ ਫੈਲ ਰਹੇ ਚੱਕਰਵਿਊ ਨੂੰ ਜੇ ਸਮਾਂ ਰਹਿੰਦਿਆਂ ਨਾ ਰੋਕਿਆ ਗਿਆ ਤਾਂ ਇਸ ਧਰਤੀ ਦੇ ਸਭ ਬਾਸ਼ਿੰਦਿਆਂ ਨੂੰ ਇਸ ਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ।

ਆਲਮੀ ਤਪਸ਼ ਦਾ ਮਤਲਬ ਹੈ ਧਰਤੀ 'ਤੇ ਤਾਪਮਾਨ ਵਿਚ ਲੰਬੇ ਸਮੇਂ ਤੱਕ ਹੋਣ ਵਾਲਾ ਵਾਧਾ। ਦਿਨ ਵੇਲੇ ਸੂਰਜ ਦੀਆਂ ਕਿਰਨਾਂ ਧਰਤੀ ਦੀ ਸਤ੍ਹਾ 'ਤੇ ਆਉਂਦੀਆਂ ਹਨ, ਜਿਸ ਨਾਲ ਜੀਵਨ ਸੰਭਵ ਬਣਦਾ ਹੈ ਤੇ ਸ਼ਾਮ ਢਲਣ ਉਪਰੰਤ ਜਦੋਂ ਇਹ ਕਿਰਨਾਂ ਵਾਪਸ ਉੱਪਰ ਜਾਣ ਲਗਦੀਆਂ ਹਨ ਤਾਂ ਤਾਪਮਾਨ ਘਟਣ ਨਾਲ ਧਰਤੀ ਠੰਢੀ ਹੋਣ ਲਗਦੀ ਹੈ। ਪਰ ਜਦੋਂ ਹਵਾ ਵਿਚ ਮੌਜੂਦ ਕਾਰਬਨ ਡਾਈਆਕਸਾਈਡ, ਮੀਥੇਨ ਤੇ ਹੋਰ ਗ੍ਰੀਨਹਾਉਸ ਗੈਸਾਂ ਦੀ ਮਾਤਰਾ ਵਧ ਜਾਂਦੀ ਹੈ ਤਾਂ ਇਹ ਗੈਸਾਂ ਸੂਰਜੀ ਗਰਮੀ ਦੇ ਕੁਝ ਹਿੱਸੇ ਨੂੰ ਵਾਪਸ ਧਰਤੀ 'ਤੇ ਭੇਜ ਦਿੰਦੀਆਂ ਹਨ, ਜਿਸ ਨਾਲ ਧਰਤੀ ਦਾ ਤਾਪਮਾਨ ਵਧਣ ਲਗਦਾ ਹੈ। ਇਸ ਪ੍ਰਕਿਰਿਆ ਨੂੰ 'ਗ੍ਰੀਨਹਾਊਸ ਪ੍ਰਭਾਵ' ਕਿਹਾ ਜਾਂਦਾ ਹੈ। 4-5 ਦਹਾਕੇ ਪਹਿਲਾਂ ਇਹ ਗੈਸਾਂ ਕਾਫ਼ੀ ਹੱਦ ਤੱਕ ਕੁਦਰਤੀ ਸੰਤੁਲਨ ਵਿਚ ਸਨ ਪਰ ਵਿਕਾਸ, ਉਦਯੋਗੀਕਰਨ ਤੇ ਮਨੁੱਖੀ ਸਰਗਰਮੀਆਂ ਦੇ ਚਲਦਿਆਂ ਅੱਜ ਇਹ ਸੰਤੁਲਨ ਵਿਗੜ ਚੁੱਕਾ ਹੈ। ਇਸੇ ਕਰਕੇ ਅੱਜ ਧਰਤੀ 'ਤੇ ਤਪਸ਼ ਪਹਿਲਾਂ ਨਾਲੋਂ ਤੇਜ਼ੀ ਨਾਲ ਵਧ ਰਹੀ ਹੈ।
 
ਵੱਧ ਤਪਸ਼ ਦੇ ਮੁੱਖ ਕਾਰਨ
 
ਰੁੱਖਾਂ ਨੂੰ 'ਧਰਤੀ ਦੇ ਫੇਫੜੇ' ਕਿਹਾ ਜਾਂਦਾ ਹੈ, ਕਿਉਂਕਿ ਇਹ ਹਵਾ 'ਚੋਂ ਕਾਰਬਨ ਡਾਈਆਕਸਾਈਡ ਸੋਖ ਕੇ ਆਕਸੀਜਨ ਦਿੰਦੇ ਹਨ, ਜਿਸ ਤੋਂ ਬਿਨਾਂ ਧਰਤੀ 'ਤੇ ਜੀਵਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਪਰ ਅੱਜ ਜਦੋਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ ਤਾਂ ਉਕਤ ਕੁਦਰਤੀ ਚੱਕਰ ਡਗਮਗਾ ਰਿਹਾ ਹੈ ਅਤੇ ਹਵਾ ਵਿਚ ਕਾਰਬਨ ਡਾਈਆਕਸਾਈਡ ਤੇ ਦੂਜੀਆਂ ਨੁਕਸਾਨਦਾਇਕ ਗੈਸਾਂ ਦੀ ਮਾਤਰਾ ਵਧ ਰਹੀ ਹੈ, ਜੋ ਵਾਤਾਵਰਨ ਲਈ ਖ਼ਤਰੇ ਦੀ ਘੰਟੀ ਹੋਣ ਦੇ ਨਾਲ ਤਪਸ਼ ਵਧਣ ਦਾ ਵੱਡਾ ਕਾਰਨ ਹੈ। ਆਧੁਨਿਕ ਯੁੱਗ ਵਿਚ ਉਦਯੋਗਾਂ ਦੀ ਗਿਣਤੀ ਬਹੁਤ ਵਧ ਗਈ ਹੈ। ਫੈਕਟਰੀਆਂ/ਕਾਰਖਾਨਿਆਂ 'ਚੋਂ ਨਿਕਲਣ ਵਾਲਾ ਧੂਆਂ ਤੇ ਗੈਸਾਂ ਹਵਾ ਨੂੰ ਪ੍ਰਦੂਸ਼ਿਤ ਕਰਕੇ ਗ੍ਰੀਨਹਾਉਸ ਗੈਸਾਂ ਦੀ ਮਾਤਰਾ ਵਧਾ ਦਿੰਦੀਆਂ ਹਨ, ਜਿਸ ਨਾਲ ਗੈਸਾਂ ਦਾ ਕੁਦਰਤੀ ਸੰਤੁਲਨ ਖ਼ਰਾਬ ਹੁੰਦਾ ਹੈ। ਤਕਰੀਬਨ ਸਭ ਦੇਸ਼ਾਂ 'ਚ ਇਹੋ ਹਾਲਾਤ ਬਣੇ ਹੋਏ ਨਜ਼ਰ ਆ ਰਹੇ ਹਨ। ਜਦੋਂ ਕਿਤੇ ਕੂੜੇ ਦੇ ਢੇਰਾਂ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਸ ਵਿਚ ਮੌਜੂਦ ਪਲਾਸਟਿਕ ਵੀ ਸੜਦਾ ਹੈ, ਜਿਸ ਨਾਲ ਇਹ ਹਵਾ ਵਿਚ ਜ਼ਹਿਰੀਲੀਆਂ ਗੈਸਾਂ ਛੱਡਦਾ ਹੈ, ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਤਾਂ ਕਰਦੀਆਂ ਹੀ ਹਨ, ਨਾਲ ਤਪਸ਼ ਨੂੰ ਵਧਾਉਂਦੀਆਂ ਹਨ। ਅੱਜ ਹਰ ਦੇਸ਼ ਅੰਦਰ ਵੱਡੇ ਮਾਰੂ ਹਥਿਆਰ ਇਕੱਠੇ ਕਰਨ ਦੀ ਹੋੜ ਲੱਗੀ ਹੋਈ ਹੈ ਅਤੇ ਉਹ ਅਕਸਰ ਹੀ ਪ੍ਰਮਾਣੂ ਪ੍ਰੀਖਣ ਜਾਂ ਉਪ-ਗ੍ਰਹਿਆਂ ਦਾ ਪ੍ਰੀਖਣ ਕਰਦੇ ਰਹਿੰਦੇ ਹਨ। ਇਹ ਪ੍ਰੀਖਣ ਵੀ ਆਲਮੀ ਤਪਸ਼ ਦੇ ਵਾਧੇ 'ਚ ਹਿੱਸਾ ਪਾਉਂਦੇ ਹਨ। ਜਦੋਂ ਜੰਗਾਂ ਵਿਚ ਇਹ ਮਾਰੂ ਹਥਿਆਰ ਵਰਤੇ ਜਾਂਦੇ ਹਨ ਤਾਂ ਖ਼ਤਰਨਾਕ ਪੱਧਰ ਦੀ ਤਪਸ਼ ਜਨਮ ਲੈਂਦੀ ਹੈ। ਕਦੇ ਸਮਾਂ ਸੀ ਜਦੋਂ ਖੇਤੀ ਲਈ ਤਾਂ ਗੱਡਿਆਂ ਦੀ ਵਰਤੋਂ ਹੁੰਦੀ ਹੀ ਸੀ ਪਰ ਬਹੁਤੇ ਪਰਿਵਾਰ ਵਿਆਹਾਂ ਮੌਕੇ ਜੰਞ ਵੀ ਗੱਡਿਆਂ 'ਤੇ ਹੀ ਲੈ ਜਾਂਦੇ ਸਨ। ਅੱਜ ਸਮਾਂ ਬਦਲ ਚੁੱਕਾ ਹੈ ਤੇ ਬਹੁਤੇ ਘਰਾਂ 'ਚ ਮੋਟਰਸਾਈਕਲ ਜਾਂ ਕਾਰਾਂ ਹਨ। ਢੋਆ-ਢੁਆਈ ਲਈ ਛੋਟੀਆਂ ਗੱਡੀਆਂ ਤੋਂ ਲੈ ਕੇ ਵੱਡੇ-ਵੱਡੇ ਵਾਹਨ ਮੌਜੂਦ ਹਨ। ਇਹ ਵਾਹਨ ਪੈਟਰੋਲ-ਡੀਜ਼ਲ ਵਰਗੇ ਈਂਧਨ ਸਾੜਦੇ ਹਨ ਤੇ ਬੇਹੱਦ ਨੁਕਸਾਨਦਾਇਕ ਧੂੰਆਂ ਹਵਾ 'ਚ ਛੱਡਦੇ ਹਨ, ਜੋ ਤਪਸ਼ ਦਾ ਕਾਰਨ ਬਣਦਾ ਹੈ। ਵਧ ਰਹੀ ਆਬਾਦੀ ਕਾਰਨ ਘਰਾਂ, ਸੜਕਾਂ ਤੇ ਉਦਯੋਗਾਂ ਲਈ ਕੁਦਰਤੀ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣ ਲੱਗੀ ਹੈ, ਜਿਸ ਨਾਲ ਵਾਤਾਵਰਨ ਦੇ ਕੁਦਰਤੀ ਚੱਕਰ 'ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ ਤੇ ਤਪਸ਼ ਵਧ ਰਹੀ ਹੈ।
 
ਤਪਸ਼ ਦੇ ਪ੍ਰਭਾਵ
 
ਆਲਮੀ ਤਪਸ਼ ਵਧਣ ਨਾਲ ਪਿਛਲੇ ਕੁਝ ਸਾਲਾਂ ਤੋਂ ਮੌਸਮ ਕਾਫ਼ੀ ਅਣਕਿਆਸਿਆ ਹੋ ਗਿਆ ਹੈ। ਕਦੇ ਬਹੁਤ ਜ਼ਿਆਦਾ ਗਰਮੀ, ਕਦੇ ਬਹੁਤ ਜ਼ਿਆਦਾ ਠੰਢ ਅਤੇ ਕਦੇ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਪਏ ਹਨ। ਕਈ ਵਾਰ ਰਾਜਸਥਾਨ ਵਰਗੇ ਖ਼ੁਸ਼ਕ ਤੇ ਰੇਗਿਸਤਾਨ ਖੇਤਰਾਂ 'ਚ ਹੜ੍ਹ ਆਉਣ ਦੀਆਂ ਜਾਂ ਵਾਧੂ ਪਾਣੀ ਵਾਲੇ ਇਲਾਕਿਆਂ 'ਚ ਸੋਕੇ ਵਰਗੇ ਹਾਲਾਤ ਬਣਨ ਦੀਆਂ ਖ਼ਬਰਾਂ ਆਉਂਦੀਆਂ ਹਨ। ਤਪਸ਼ ਕਾਰਨ ਹਿਮਾਲਿਆ ਅਤੇ ਧਰਤੀ ਦੇ ਧਰੁਵੀ ਖੇਤਰਾਂ ਦੀ ਬਰਫ਼ ਤੇਜ਼ੀ ਨਾਲ ਪਿਘਲਣ ਲੱਗੀ ਹੈ। ਵਿਗਿਆਨੀਆਂ ਅਨੁਸਾਰ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਸਮੁੰਦਰ ਦਾ ਪੱਧਰ ਵੀ ਵਧ ਰਿਹਾ ਹੈ, ਜਿਸ ਨਾਲ ਕਈ ਤਟਵਰਤੀ ਖੇਤਰ ਡੁੱਬਣ ਦਾ ਖ਼ਦਸ਼ਾ ਪੈਦਾ ਹੋ ਸਕਦਾ ਹੈ। ਪਿਛਲੇ ਦਿਨਾਂ 'ਚ ਇਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈੱਲਪਮੈਂਟ (ਆਈ.ਸੀ.ਆਈ.ਐਮ.ਓ.ਡੀ.) ਵਲੋਂ ਜਾਰੀ ਇਕ ਰਿਪੋਰਟ ਅਨੁਸਾਰ ਪਿਛਲੇ 3 ਦਹਾਕਿਆਂ 'ਚ ਹਿੰਦੂਕੁਸ਼ ਹਿਮਾਲਿਆ ਖੇਤਰ ਦੇ ਗਲੇਸ਼ੀਅਰਾਂ ਦੇ ਪਿਘਲਣ ਦੀ ਪ੍ਰਕਿਰਿਆ ਬਹੁਤ ਤੇਜ਼ ਹੋ ਗਈ ਹੈ। ਇਹ ਵੀ ਕਿ 20ਵੀਂ ਸਦੀ ਦੇ ਆਖਰੀ ਸਾਲਾਂ ਦੇ ਮੁਕਾਬਲਤਨ 21ਵੀਂ ਸਦੀ 'ਚ ਇਹ ਦੁੱਗਣੀ ਰਫ਼ਤਾਰ ਨਾਲ ਪਿਘਲ ਰਹੇ ਹਨ। ਆਲਮੀ ਤਪਸ਼ ਦੇ ਵਾਧੇ ਨਾਲ ਮੌਸਮ ਵਿਚ ਵੀ ਬਦਲਾਅ ਆਇਆ, ਜਿਸ ਦਾ ਖੇਤੀ 'ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਕਈ ਵਾਰ ਸੋਕੇ ਕਾਰਨ ਫ਼ਸਲਾਂ ਮਰ ਜਾਂਦੀਆਂ ਹਨ ਤੇ ਕਈ ਵਾਰ ਬੇਹਿਸਾਬਾ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਉਠਾਉਣਾ ਪੈਂਦਾ ਹੈ। ਵਧ ਰਹੀ ਤਪਸ਼ ਕਾਰਨ ਕਈ ਬੂਟਿਆਂ ਤੇ ਜੀਵ-ਜੰਤੂਆਂ ਤੋਂ ਉਨ੍ਹਾਂ ਦਾ ਕੁਦਰਤੀ ਵਾਤਾਵਰਨ ਖੁੱਸ ਰਿਹਾ ਹੈ, ਜਿਸ ਨਾਲ ਕਈ ਪ੍ਰਜਾਤੀਆਂ ਦਾ ਜੀਵਨ ਖ਼ਤਰੇ 'ਚ ਪੈ ਰਿਹਾ ਹੈ। ਅਜਿਹੇ ਵਿਚ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਖ਼ਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਲਈ ਇਹ ਸਥਿਤੀ ਹੋਰ ਵੀ ਖ਼ਤਰਨਾਕ ਬਣ ਸਕਦੀ ਹੈ।
 
ਬਚਾਅ ਦੇ ਕੁਝ ਉਪਾਅ
 
ਰੁੱਖ ਲਗਾਉਣਾ ਸਭ ਤੋਂ ਆਸਾਨ ਤੇ ਪ੍ਰਭਾਵਸ਼ਾਲੀ ਹੱਲ ਹੈ ਪਰ ਇਸ ਲਈ ਵੱਧ ਤੋਂ ਵੱਧ ਬੂਟੇ ਲਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਅਹਿਮ ਹੋਵੇਗੀ, ਕਿਉਂਕਿ ਬਹੁਤੀ ਵਾਰ ਲਗਾਏ ਬੂਟੇ ਬਿਨਾਂ ਦੇਖ-ਭਾਲ ਦੇ ਨਸ਼ਟ ਹੋ ਜਾਂਦੇ ਹਨ। ਇਹ ਰੁੱਖ ਹੀ ਹਨ, ਜੋ ਕਾਰਬਨ ਡਾਈਆਕਸਾਈਡ ਬਦਲੇ ਆਕਸੀਜਨ ਦੇ ਕੇ ਸਾਡੇ ਜੀਵਨਦਾਤਾ ਬਣਦੇ ਹਨ। ਮੁੜ ਵਰਤੋਂ ਯੋਗ ਊਰਜਾ ਨੂੰ ਵਧਾਇਆ ਜਾਣਾ ਚਾਹੀਦਾ ਹੈ ਤਾਂ ਕਿ ਇਸ ਦੀ ਇਕ ਤੋਂ ਵੱਧ ਵਾਰ ਵਰਤੋਂ ਕੀਤੀ ਜਾ ਸਕੇ। ਇਸ ਲਈ ਜ਼ਰੂਰੀ ਹੋਵੇਗਾ ਸੂਰਜੀ ਉਰਜਾ, ਹਵਾ ਊਰਜਾ ਤੇ ਪਾਣੀ ਦੀ ਊਰਜਾ ਵਰਗੇ ਸਰੋਤਾਂ ਨੂੰ ਵਧਾਇਆ ਜਾਵੇ। ਇਸ ਨਾਲ ਕੁਦਰਤੀ ਵਾਤਵਰਨ ਚੱਕਰ ਵਿਚ ਸੰਤੁਲਨ ਕਾਇਮ ਰਹੇਗਾ। ਜੇ ਸੰਭਵ ਹੋਵੇ ਤਾਂ ਸਾਈਕਲ, ਨਹੀਂ ਤਾਂ ਜਨਤਕ ਵਾਹਨਾਂ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ, ਜਿਸ ਨਾਲ ਪ੍ਰਦੂਸ਼ਣ ਦੀ ਮਾਤਰਾ ਘਟੇਗੀ। ਵੱਡੇ ਤੇ ਵੱਧ ਪ੍ਰਦੂਸ਼ਣ ਵਾਲੇ ਸ਼ਹਿਰਾਂ 'ਚ ਈ-ਵਾਹਨਾਂ ਦੇ ਉਤਪਾਦਾਂ ਨੂੰ ਹੱਲਾਸ਼ੇਰੀ ਦੇ ਕੇ ਪ੍ਰਦੂਸ਼ਣ 'ਤੇ ਵੱਡੇ ਪੱਧਰ ਤੱਕ ਕਾਬੂ ਪਾਇਆ ਜਾ ਸਕਦਾ ਹੈ। ਪਲਾਸਟਿਕ ਗਲਣਯੋਗ ਨਹੀਂ ਹੈ, ਇਸ ਲਈ ਪਲਾਸਟਿਕ ਦੀ ਥਾਂ ਕੱਪੜੇ, ਕਾਗਜ਼ ਜਾਂ ਜੂਟ ਦੇ ਬਣੇ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਵਿਸ਼ਵ ਭਰ ਦੇ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਲਗਾਤਾਰ ਵਿਗੜ ਰਹੇ ਵਾਤਾਵਰਨ ਦੇ ਕੁਦਰਤੀ ਚੱਕਰ ਬਾਰੇ ਜਾਗਰੂਕ ਕਰਨ। ਇਸ ਦੇ ਕਾਰਨਾਂ, ਪ੍ਰਭਾਵਾਂ ਤੇ ਬਚਾਅ ਬਾਰੇ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਸੰਬੰਧੀ ਹਰ ਇਕ ਨੂੰ ਜਾਗਰੂਕ ਕੀਤਾ ਜਾਣਾ ਅੱਜ ਸਮੇਂ ਦੀ ਅਹਿਮ ਲੋੜ ਹੈ।
 
ਇਹ ਕਿਹਾ ਜਾ ਸਕਦਾ ਹੈ ਕਿ ਅੱਜ ਆਲਮੀ ਤਪਸ਼ ਸਿਰਫ਼ ਮਨੁੱਖੀ ਜੀਵਨ ਲਈ ਹੀ ਨਹੀਂ, ਸਗੋਂ ਹੋਰ ਜੀਵ-ਜੰਤੂਆਂ ਤੇ ਬਨਸਪਤੀ ਲਈ ਵੀ ਵੱਡੀ ਚੁਣੌਤੀ ਬਣ ਚੁੱਕੀ ਹੈ। ਜੇ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਦੇ ਨਤੀਜੇ ਬਹੁਤ ਹੀ ਭਿਆਨਕ ਹੋ ਸਕਦੇ ਹਨ। ਇਹ ਸਿਰਫ਼ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਦੁਨੀਆ ਦੇ ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਉਹ ਵਾਤਾਵਰਨ ਦੀ ਰੱਖਿਆ ਲਈ ਆਪਣਾ ਯੋਗਦਾਨ ਦੇਵੇ। ਰੁੱਖ ਲਗਾਉਣਾ, ਪ੍ਰਦੂਸ਼ਣ ਘਟਾਉਣਾ ਤੇ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਕਰਨੀ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇ ਸਭ ਮੁਲਕ ਇਕੱਠੇ ਹੋ ਕੇ ਕੋਸ਼ਿਸ਼ ਕਰਨ ਤਾਂ ਆਲਮੀ ਤਪਸ਼ ਦੇ ਫੈਲ ਰਹੇ ਇਸ ਚੱਕਰਵਿਊ 'ਚੋਂ ਨਿਕਲਿਆ ਜਾ ਸਕਦਾ ਹੈ ਅਤੇ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁੰਦਰ ਤੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ।
 
-ਪਿੰਡ ਕਾਕੋਵਾਲ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 88724-71389
ਈਮੇਲ : shahpritson@gmail.com