ਜਵੈਲਰ ਦੇ ਘਰੋਂ ਕਰੋੜਾਂ ਦੀ ਲੁੱਟ ਦਾ ਮੁੱਖ ਸਾਜਿਸ਼ਕਰਤਾ ਗ੍ਰਿਫਤਾਰ, ਗੁਰਦਾਸਪੁਰ ਪੁਲਿਸ ਦੀ ਵੱਡੀ ਸਫਲਤਾ

*****4 ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ****

ਮੋਗਾ ,27 ਅਪ੍ਰੈਲ (ਜਸ਼ਨ ) 
ਐਸ.ਐਸ.ਪੀ. ਗੁਰਦਾਸਪੁਰ ਵਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਮੁਤਾਬਿਕ  ਗੁਰਦਾਸਪੁਰ ਪੁਲਿਸ ਨੇ 5 ਮਾਰਚ ਨੂੰ ਇੱਕ ਜਵੈਲਰ ਦੇ ਘਰ ਹੋਈ ਹਥਿਆਰਬੰਦ ਲੁੱਟ (Armed Robbery) ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਅਤੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਪੁਲਿਸ ਪਿਛਲੇ ਕਾਫੀ ਸਮੇਂ ਤੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ  ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਉਰਫ਼ ਗੋਪੀ ਗੋਲ਼ੀ ਵਜੋਂ ਹੋਈ ਹੈ, ਜੋ ਕਿ ਪੁਲਿਸ ਜ਼ਿਲ੍ਹਾ ਬਟਾਲਾ ਦਾ ਰਹਿਣ ਵਾਲਾ ਹੈ।ਇਸ ਮਾਮਲੇ ਵਿੱਚ 4 ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਲਗਭਗ 2 ਕਰੋੜ ਰੁਪਏ ਦੀ ਬਰਾਮਦਗੀ ਵੀ ਕੀਤੀ ਜਾ ਚੁੱਕੀ ਹੈ।
 ਐਸ.ਐਸ.ਪੀ. ਅਦਿੱਤਿਆ ਨੇ ਖੁਲਾਸਾ ਕੀਤਾ ਕਿ ਗੁਰਪ੍ਰੀਤ ਸਿੰਘ ਇੱਕ ਪੇਸ਼ੇਵਰ ਅਪਰਾਧੀ ਹੈ। ਉਸ ਦੇ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ 17 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਇਰਾਦਾ-ਏ-ਕਤਲ , ਲੁੱਟ-ਖੋਹ, ਆਰਮਜ਼ ਐਕਟ ਅਤੇ ਪ੍ਰਿਜ਼ਨ ਐਕਟ ਵਰਗੀਆਂ ਸੰਗੀਨ ਧਾਰਾਵਾਂ ਸ਼ਾਮਲ ਹਨ।
ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਪੂਰੀ ਸਾਜ਼ਿਸ਼ ਵਿੱਚ ਹੋਰ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਸਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਰਾਮਦਗੀਆਂ ਹੋ ਸਕਦੀਆਂ ਹਨ।
ਗੁਰਦਾਸਪੁਰ ਪੁਲਿਸ ਦੀ ਇਸ ਕਾਰਵਾਈ ਨਾਲ ਇਲਾਕੇ ਦੇ ਲੋਕਾਂ ਅਤੇ ਖਾਸ ਕਰਕੇ ਵਪਾਰੀ ਵਰਗ ਵਿੱਚ ਸੁਰੱਖਿਆ ਦੀ ਭਾਵਨਾ ਵਧੀ ਹੈ।