ਖਾਲਸਾ ਪੰਥ ਦੇ ਸਿਰਜਣਾ ਦਿਵਸ ਤੇ ਕਿਤਾਬਾਂ ਦਾ ਲੰਗਰ ਸ਼ਲਾਘਾਯੋਗ ਉੱਦਮ:ਮਾਲਵਿਕਾ ਸੂਦ

 

ਮੋਗਾ, 18 ਅਪ੍ਰੈਲ (ਮਹਿੰਦਰ ਸਿੰਘ ):
ਖਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਮੋਗਾ ਵਿਖੇ ਸੇਵਾਦਾਰਾਂ ਵੱਲੋਂ ਇੱਕ ਵਿਲੱਖਣ ਅਤੇ ਪ੍ਰੇਰਣਾਦਾਇਕ ਉਪਰਾਲਾ ਕਰਦਿਆਂ ਧਾਰਮਿਕ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਇਹ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਨੌਜਵਾਨ ਪੀੜੀ ਨੂੰ ਧਾਰਮਿਕ ਮੁੱਲਾਂ ਅਤੇ ਪੰਜਾਬੀ ਵਿਰਸੇ ਨਾਲ ਜੋੜਨਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਜੌਹਲ ਨੇ ਦੱਸਿਆ ਕਿ ਪੁਰਾਣੀ ਕਚਹਿਰੀ, ਮੇਨ ਬਾਜ਼ਾਰ ਮੋਗਾ ਵਿਖੇ ਲਗਾਏ ਗਏ ਇਸ ਲੰਗਰ ਵਿੱਚ ਧਾਰਮਿਕ ਸਾਹਿਤ ਦੇ ਨਾਲ-ਨਾਲ ਨਸ਼ਿਆਂ ਤੋਂ ਬਚਾਅ, ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਅਤੇ ਸਿਹਤ ਜਾਗਰੂਕਤਾ ਨਾਲ ਸੰਬੰਧਿਤ ਕਿਤਾਬਾਂ ਵੀ ਵੰਡੀਆਂ ਗਈਆਂ।

ਮੋਗਾ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਦਿਆਂ ਕਿਹਾ ਕਿ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। 

ਯੂਨਾਈਟਡ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਂਹ ਨੇ ਇਸ ਉਪਰਾਲੇ ਨੂੰ ਬਹੁਤ ਹੀ ਨੇਕ ਅਤੇ ਸਮਾਜ ਲਈ ਲਾਹੇਵੰਦ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ  ਹਰ ਪਿੰਡ, ਸ਼ਹਿਰ ਅਤੇ ਕਸਬੇ ਵਿੱਚ ਹੋਣੇ ਚਾਹੀਦੇ ਹਨ।  ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਗੁਰਪ੍ਰੀਤ ਸਿੰਘ ਧਲੇਕੇ ਨੇ ਕਿਹਾ ਕਿ ਇਹ ਉਪਰਾਲਾ ਨੌਜਵਾਨ ਪੀੜੀ ਨੂੰ ਮੋਬਾਈਲ ਫੋਨ ਦੀ ਆਦਤ ਤੋਂ ਦੂਰ ਕਰਨ ਲਈ ਇੱਕ ਵਧੀਆ ਵਿਕਲਪ ਹੈ। ਹਰਜੀਤ ਸਿੰਘ ਸਿੱਧੂ  ਏਕਮ ਐਗਰੋ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਦਸ ਸਾਲਾਂ ਤੋਂ ਨਿਰੰਤਰ ਚੱਲ ਰਹੀ ਹੈ ਅਤੇ ਅਗਾਂਹ ਵੀ ਜਾਰੀ ਰਹੇਗੀ।
ਇਸ ਮੌਕੇ ਨੌਜਵਾਨ ਲੜਕੇ-ਲੜਕੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ ਅਤੇ ਕਿਤਾਬਾਂ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਕਾਬਿਲ-ਏ-ਤਾਰੀਫ਼ ਰਿਹਾ।
ਇਸ ਮੌਕੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਡਗਰੂ, ਹਰਪ੍ਰੀਤ ਸਿੰਘ ਆਲੂਵਾਲੀਆ, ਗੁਰਲਾਲ ਸਿੰਘ ਧਰਮਕੋਟ, ਚਰਨਜੀਤ ਸਿੰਘ (ਸਿੱਖ ਮਿਸ਼ਨਰੀ ਕਾਲਜ), ਸੁਰਿੰਦਰ ਪਾਲ ਸਿੰਘ ਜੌਹਲ, ਪ੍ਰਿੰਸੀਪਲ ਰਣਜੀਤ ਸਿੰਘ, ਸਰਪੰਚ ਜਗਦੇਵ ਸਿੰਘ, ਜਗਦੀਪ ਸਿੰਘ ਬਰਾੜ, ਜਗਤਾਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਧਾਲੀਵਾਲ, ਦੀਪਕ ਭੰਡਾਰੀ, ਮੇਵਾ ਸਿੰਘ ਕੰਡਾ,  ਜਗਸੀਰ ਸਿੰਘ ਡਾਲਾ, ਪੂਰਨ ਸਿੰਘ ਬਾਠ, ਹਰਪ੍ਰੀਤ ਸਿੰਘ ਦੇਵਗਣ, ਪਰਮਜੋਤ ਸਿੰਘ (ਖਾਲਸਾ ਸੇਵਾ ਸੋਸਾਇਟੀ), ਕੁਲਵੰਤ ਸਿੰਘ (ਦਸਤਾਰ ਚੇਤਨਾ ਮਾਰਚ), ਡਾ. ਹਰਜਿੰਦਰ ਸਿੰਘ ਸਿੱਧੂ, ਸੁਖਚੈਨ ਸਿੰਘ ਬਰਾੜ ਸਮੇਤ ਹੋਰ ਕਈ ਸਨਮਾਨਯੋਗ ਵਿਅਕਤੀਆਂ ਦੀ ਹਾਜ਼ਰੀ ਵੀ ਰਹੀ। ਸਮਾਗਮ ਦੌਰਾਨ ਸ਼ਹਿਰ ਵਾਸੀਆਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਕਿਤਾਬਾਂ ਪ੍ਰਾਪਤ ਕੀਤੀਆਂ।