ਮੋਗੇ ਲੱਗੀ ਅੱਗ ਨੇ ਖੜ੍ਹੀਆਂ ਗੱਡੀਆਂ ਨੂੰ ਲਿਆ ਲਪੇਟ 'ਚ, ਲੱਖਾਂ ਦਾ ਨੁਕਸਾਨ

ਮੋਗਾ, 18 ਅਪ੍ਰੈਲ (ਲਛਮਣਜੀਤ ਸਿੰਘ ਪੁਰਬਾ/ਨਿਸ਼ੀ ਮਨਚੰਦਾ )ਮੋਗਾ ਦੇ ਬੁੱਗੀਪੁਰਾ ਚੌਕ ਨੇੜੇ ਅੱਗ ਲੱਗਣ ਦਾ ਹਾਦਸਾ ਹੋਇਆ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਦਾ ਅੰਦੇਸ਼ਾ ਹੈ । ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਤਕੜੀ ਮੁਸ਼ੱਕਤ ਕਰਨੀ ਪਈ।  ਇਹ ਭਿਆਨਕ ਅੱਗ,ਕਟਰ ਦੀ ਚਿੰਗਾਰੀ ਨਾਲ   ਭੜਕੀ ਜਿਸ ਨਾਲ ਵਰਕਸ਼ਾਪ ਬਾਹਰ ਖੜੀਆਂ ਗੱਡੀਆਂ ਸੜ ਗਈਆਂ ।
ਮੋਗਾ ਦੇ ਬੁੱਗੀਪੁਰਾ ਚੌਕ ਨੇੜੇ ਸ਼ਨੀਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਵਰਕਸ਼ਾਪ ਦੇ ਬਾਹਰ ਕਟਰ ਨਾਲ ਕਟਿੰਗ ਕਰਦੇ ਸਮੇਂ ਨਿਕਲੀ ਚਿੰਗਾਰੀ ਨੇ ਭਿਆਨਕ ਅੱਗ ਦਾ ਰੂਪ ਧਾਰ ਲਿਆ। ਇਸ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਹੈ।ਮਿਲੀ ਜਾਣਕਾਰੀ ਅਨੁਸਾਰ ਨਿੱਜੀ ਹਸਪਤਾਲ ਨੇੜੇ ਸਥਿਤ “ਬਾਬਾ ਖੇਤਰ ਪਾਲ ਸਪੇਅਰ ਪਾਰਟ” ਵਰਕਸ਼ਾਪ ਵਿੱਚ ਇੱਕ ਕਰਮਚਾਰੀ ਪੁਰਾਣੀ ਗੱਡੀ ਦੀ ਮੁਰੰਮਤ ਕਰ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਕਟਰ ਨਾਲ ਕਟਿੰਗ ਕੀਤੀ ਗਈ, ਅਚਾਨਕ ਚੰਗਿਆੜੀ ਨਿਕਲੀ ਜੋ ਕੁਝ ਸਮੇਂ ਵਿੱਚ ਹੀ ਭੜਕਦੀ ਹੋਈ ਅੱਗ ਵਿੱਚ ਤਬਦੀਲ ਹੋ ਗਈ। ਅੱਗ ਦੀਆਂ ਲਪਟਾਂ ਇੰਨੀ ਤੇਜ਼ੀ ਨਾਲ ਫੈਲੀਆਂ ਕਿ ਕੁਝ ਸਮੇਂ ਵਿੱਚ ਹੀ ਨੇੜੇ ਖੜੀਆਂ ਹੋਰ ਗੱਡੀਆਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ।ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਈ ਵਾਹਨ ਸੜ ਗਏ, ਜਿਸ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ। ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ।ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਸੀ।ਇਸ ਘਟਨਾ ਨੇ ਵਰਕਸ਼ਾਪਾਂ ਵਿੱਚ ਸੁਰੱਖਿਆ ਉਪਕਰਣਾਂ ਅਤੇ ਸਾਵਧਾਨੀਆਂ ਦੀ ਲੋੜ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ।