ਮੰਡੀ ਵਿਚ ਕਣਕ ਲੈ ਕੇ ਜਾ ਰਿਹਾ ਟਰੈਕਟਰ ਹਾਦਸਾਗ੍ਰਸਤ; ਨੌਜਵਾਨ ਦੀ ਮੌਤ,ਕਾਕਾ ਲੋਹਗੜ੍ਹ ਨੇ ਕੀਤਾ ਗਹਿਰੇ ਦੁੱਖ ਦਾ ਇਜ਼ਹਾਰ

Tags: 

ਮੋਗਾ, 15 ਅਪ੍ਰੈਲ (ਹਰਦੀਪ ਸਿੰਘ  ) 
ਧਰਮਕੋਟ ਹਲਕੇ ਵਿਚ ਮੰਡੀ ਵਿੱਚ ਕਣਕ ਲੈ ਕੇ ਜਾ ਰਹੀ ਟਰੈਕਟਰ ਟਰਾਲੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ।ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਇਸ ਘਟਨਾ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।   
ਇਸ ਹਾਦਸੇ ਵਿੱਚ ਟਰੈਕਟਰ ਚਾਲਕ ਨਾਲ ਸਾਈਡ ’ਤੇ ਬੈਠੇ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਚਾਲਕ ਦੂਜਾ ਨੌਜਵਾਨ ਵਾਲ ਵਾਲ ਬਚ ਗਿਆ। 
ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਇੱਕ ਵਜੇ ਦੇ ਕਰੀਬ ਦੋ ਨੌਜਵਾਨ ਜੋ ਆਪਸ ਵਿੱਚ ਭਰਾ ਸਨ, ਆਪਣੇ ਖੇਤਾਂ ਵਿਚੋਂ ਕਣਕ ਦੀ ਭਰੀ ਟਰੈਕਟਰ ਟਰਾਲੀ ਲੈ ਕੇ ਆਪਣੇ ਘਰ ਪਿੰਡ ਮੁੰਡੀ ਜਮਾਲ ਦੇ ਬਾਹਰ ਖੇਤਾਂ ਤੋਂ ਨਜ਼ਦੀਕ ਅਨਾਜ ਮੰਡੀ ਬਘੇਲੇ ਵਾਲਾ ਜਾ ਰਹੇ ਸਨ। ਸੜਕ ਉਪਰ ਚੜ੍ਹਦਿਆਂ ਹੀ ਉਨ੍ਹਾਂ ਦਾ ਟਰੈਕਟਰ ਬੇਕਾਬੂ ਹੋ ਗਿਆ ਅਤੇ ਸੜਕ ਕਿਨਾਰੇ ਖੜ੍ਹੇ ਦਰਖਤ ਨਾਲ ਜਾ ਟਕਰਾਇਆ।ਇਸ ਹਾਦਸੇ ਵਿੱਚ ਟਰੈਕਟਰ ਦੇ ਸਾਈਡ ਵਾਲੇ ਪਾਸੇ ਬੈਠੇ  ਅਨਮੋਲ ਨਾਮੀ ਨੌਜਵਾਨ ਦੀ ਟਰੈਕਟਰ ਤੇ ਦਰੱਖਤ ਵਿਚਾਲੇ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਐਨਾ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ। ਮਰਨ ਵਾਲਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹਾਦਸੇ ਦਾ ਪਤਾ ਚਲਦਿਆਂ ਹੀ ਪਿੰਡ ਮੁੰਡੀ ਜਮਾਲ ਵਿੱਚ ਸੋਗ ਦੀ ਲਹਿਰ ਹੈ।