ਅਕਾਲੀ ਐੱਮ ਸੀ ਦੀ ਦੇਹ ਵਪਾਰ ਦੇ ਧੰਦੇ 'ਚ ਸ਼ਮੂਲੀਅਤ 'ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤੀ ਪ੍ਰੈਸ ਕਾਨਫਰੰਸ,ਸੁਖਬੀਰ ਸਿੰਘ ਬਾਦਲ ਨੂੰ ਲਿਆ ਨਿਸ਼ਾਨੇ 'ਤੇ

ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਪ੍ਰੈਸ ਕਾਨਫਰੰਸ ਦੀ ਵੀਡੀਓ ਦੇਖਣ ਲਈ ਖ਼ਬਰ ਦੀ ਅਖੀਰ ਵਿਚ ਦਿੱਤਾ ਲਿੰਕ ਕਲਿਕ ਕਰੋ ਜੀ
ਮੋਗਾ,15 ਅਪ੍ਰੈਲ (ਲਛਮਣਜੀਤ ਸਿੰਘ ਪੁਰਬਾ) : ਮੋਗਾ 'ਚ ਜੀਤਾ ਐੱਮ ਸੀ ਨਾਮ ਦੇ ਨਾਲ ਜਾਣੇ ਜਾਂਦੇ ਵਿਅਕਤੀ ਜਗਜੀਤ ਸਿੰਘ ਜੀਤਾ ਦੀ ਕੋਠੀ ਵਿਚ ਬਣੇ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਬਾਰੇ ਐੱਸ ਐੱਚ ਓ ਤਰਸੇਮ ਸਿੰਘ ਨੂੰ ਸੂਹ ਮਿਲਣ ਉਪਰੰਤ ਛਾਪੇਮਾਰੀ ਦੌਰਾਨ ਜੀਤਾ ਐੱਮ ਸੀ ਦੀ ਕੋਠੀ 'ਚ ਬਣੇ ਹੋਟਲ ਚੋਂ, 14 ਕੁੜੀਆਂ ਤੇ 7 ਬੰਦੇ ਗ੍ਰਿਫਤਾਰ ਕਰ ਲਏ ਗਏ ਸਨ |
ਅੱਜ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਇਸ ਦੇਹ ਵਪਾਰ ਦੇ ਧੰਦੇ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੀਤਾ ਐੱਮ ਸੀ ਨੇ ਬੱਜਰ ਗੁਨਾਹ ਕੀਤਾ ਹੈ ,ਹੋਰ ਤਾਂ ਹੋਰ ਉਸ ਦੇ ਹੋਟਲ ਵਿਚੋਂ ਬਚਾਈਆਂ ਲੜਕੀਆਂ ਚੋਂ ਇਕ ਲੜਕੀ ਮਹਿਜ਼ 16 ਸਾਲ ਦੀ ਹੈ, ਇਸ ਕਰਕੇ ਅਜਿਹੇ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਗਰੀਬੀ ਦੀ ਜਿਲ੍ਹਣ ਵਿਚ ਜੀਵਨ ਬਸਰ ਕਰ ਰਹੀਆਂ ਲੜਕੀਆਂ ਨੂੰ, ਦੇਹ ਵਪਾਰ ਦੇ ਧੰਦੇ ਵਿਚ ਧੱਕ ਰਹੇ ਨੇ |
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਆਖਿਆ ਕਿ ਪੰਜਾਬ ਬਚਾਓ ਰੈਲੀਆਂ ਕਰਨ ਨਾਲ ਕੀ ਹੋਵੇਗਾ ਜੇ ਪੰਜਾਬ ਦੀਆਂ ਧੀਆਂ ਭੈਣਾਂ ਹੀ ਅਕਾਲੀ ਆਗੂਆਂ ਤੋਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ | ਉਹਨਾਂ ਮੋਗਾ ਜ਼ਿਲ੍ਹੇ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਸੀਨੀਅਰ ਆਗੂ ਦਾ ਨਾਮ ਲਏ ਬਗੈਰ ਆਖਿਆ ਕਿ ਮੋਗਾ ਵਿਚ ਪਹਿਲਾਂ ਵੀ ਸੈਕਸ ਸਕੈਂਡਲ ਹੋਇਆ ਤੇ ਇਸੇ ਤਰ੍ਹਾਂ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਅਕਾਲੀ ਆਗੂ ਦੇਹ ਵਪਾਰ ਦੀ ਤਜਾਰਤ ਵਿਚ ਸ਼ਾਮਿਲ ਪਾਏ ਗਏ|
ਉਹਨਾਂ ਜੀਤੇ ਐੱਮ ਸੀ ਦੀਆਂ ਫੋਟੋਆਂ ਪੱਤਰਕਾਰਾਂ ਨੂੰ ਦਿਖਾਉਂਦਿਆਂ ਉਸ ਦੀ ਸੁਖਬੀਰ ਸਿੰਘ ਬਾਦਲ ਨਾਲ ਅਤੇ ਮੋਗੇ ਤੋਂ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਨਾਲ ਨੇੜਤਾ 'ਤੇ ਵੀ ਸਵਾਲ ਖੜੇ ਕੀਤੇ| ਉਹਨਾਂ ਦੋਸ਼ ਲਾਇਆ ਕਿ ਜੇ ਅਕਾਲੀ ਦਲ ਦੀ ਹਾਲੀਆ ਹੋਈ ਮੋਗਾ ਰੈਲੀ ਵਿਚ ਦੇਹ ਵਪਾਰ 'ਚ ਸ਼ਾਮਿਲ ਜੀਤੇ ਐੱਮ ਸੀ ਵਰਗੇ ਸਟੇਜ ਸੈਕਟਰੀ ਹੋਣਗੇ ਤਾਂ ਪੰਜਾਬ ਦਾ ਰੱਬ ਹੀ ਰਾਖਾ ਹੈ|
2027 ਦੀਆਂ ਚੋਣਾਂ ਨੇੜੇ ਹਨ ਤੇ ਉਸ ਤੋਂ ਪਹਿਲਾਂ ਨਿਗਮ ਚੋਣਾਂ ਵੀ ਸਿਰ 'ਤੇ ਨੇ, ਇੰਜ ਜੀਤੇ ਐੱਮ ਸੀ ਨਾਲ ਸਬੰਧਤ ਇਹ ਘਟਨਾ ਸਿਆਸੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਚੁਣੌਤੀ ਬਣ ਕੇ ਆਈ ਹੈ ਖਾਸ ਕਰ ਇਸ ਦੇਹ ਵਪਾਰ ਦੇ ਧੰਦੇ ਵਾਲੀ ਘਟਨਾ ਦੇ ਨਾਲ ਨਾਲ ਮੋਗੇ ਵਾਪਰੇ ਪੁਰਾਣੇ ਸੈਕਸ ਸਕੈਂਡਲ ਦੇ ਮੁੜ ਉੱਠਣ ਨਾਲ ਮੋਗੇ ਜ਼ਿਲ੍ਹੇ ਦੀਆਂ ਚਾਰੋਂ ਵਿਧਾਨ ਸਭਾਵਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਦਰਪੇਸ਼ ਚੁਣੌਤੀਆਂ, ਉਮੀਦਵਾਰਾਂ ਲਈ ਚਿੰਤਾ ਦਾ ਸਬੱਬ ਬਣਨਗੀਆਂ|


