ਹਾਦਸਾਗ੍ਰਸਤ ਕਾਰ ਚੋਂ ਕਰੋੜਾਂ ਦੀ ਹੈਰੋਇਨ ਬਰਾਮਦ: ਡੀਐਸਪੀ ਜਸਵਰਿੰਦਰ ਸਿੰਘ

ਕੋਟ ਈਸੇ ਖਾਂ , 13 ਅਪ੍ਰੈਲ (ਹਰਦੀਪ ਸਿੰਘ ) ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਚਲਦਿਆਂ ਕੋਟ ਈਸੇ ਖਾਂ ਦੀ ਪੁਲੀਸ ਨੇ ਢਾਈ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕਾਬੂ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਹਲਕਾ ਡੀਐਸਪੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਕੱਲ੍ਹ ਸਵਿਫਟ ਕਾਰ ਨੰਬਰ (ਪੀ ਬੀ 07ਏ ਐਚ 6090) ਜਿਸ ਦਾ ਤੇਜ਼ ਰਫ਼ਤਾਰ ਹੋਣ ਸਦਕਾ ਇੱਕ ਪ੍ਰਾਈਵੇਟ ਬੱਸ ਨਾਲ ਐਕਸੀਡੈਂਟ ਹੋ ਗਿਆ ਸੀ। ਪੁਲੀਸ ਚੌਕੀ ਦੌਲੇਵਾਲਾ ਦੇ ਇੰਚਾਰਜ ਜਗਮੋਹਨ ਸਿੰਘ ਜੋ ਉਸ ਵੇਲੇ ਨਜ਼ਦੀਕ ਗਸ਼ਤ ਉੱਤੇ ਸਨ ਨੇ ਹਾਦਸੇ ਤੋਂ ਬਾਅਦ ਕਾਰ ਸਵਾਰ ਦੋਨੋਂ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ  ਨਸ਼ੇ ਦੀ ਵੱਡੀ ਖੇਪ ਬਰਾਮਦ ਹੋਈ। ਕਾਰ ਸਵਾਰ ਨਸ਼ਾ ਤਸਕਰ ਇਸ ਨੂੰ ਅੱਗੇ ਵੇਚਣ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਇਸ ਸਬੰਧੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਂਦੇ ਹੋਏ ਕਾਰ ਸਵਾਰ ਇੱਕ ਵਿਅਕਤੀ ਦਰਸ਼ਨ ਸਿੰਘ ਜੋ ਕਿ ਮਾਮੂਲੀ ਜ਼ਖ਼ਮੀ ਸੀ ਨੂੰ ਹਸਪਤਾਲ ਤੋਂ ਕਾਬੂ ਕਰਕੇ ਗਿਰਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੂਜੇ ਤਸਕਰ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਜ਼ਖ਼ਮੀ ਹਾਲਤ ਵਿੱਚ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਅਧੀਨ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਥਾਣਾ ਕੋਟ ਈਸੇ ਖਾਂ ਵਿਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗ੍ਰਿਫ਼ਤਾਰ ਤਸਕਰ ਦਰਸ਼ਨ ਸਿੰਘ ਤੋਂ ਸਖ਼ਤੀ ਨਾਲ ਪੁਛਗਿੱਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਹੋਰ ਖੁਲਾਸੇ ਹੋਣ ਦੀ ਉਮੀਦ ਹੈ।