ਹਲਕੇ ਨੂੰ ਭ੍ਰਿਸਟਾਚਾਰ, ਬੇਰੋਜ਼ਗਾਰੀ ’ਤੇ ਨਸ਼ਾਖੋਰੀ ਮੁਕਤ ਕਰਨ ਲਈ ਮੈਦਾਨ ’ਚ ਨਿੱਤਰੇ ਰਮੇਸ਼ ਗਰੋਵਰ

*ਲੋਕ ਸੇਵਾ ਲਈ ਸਮਰਪਿਤ ਭਾਵਨਾ ਅਤੇ ਸਾਫ਼ ਸੁਥਰੀ ਛਵੀਂ ਦਾ ਮਿਲਣ ਲੱਗਾ ਲਾਹਾ****
ਮੋਗਾ, 12 ਅਪ੍ਰੈਲ (ਜਸ਼ਨ ) : ਪੰਜਾਬ ਅਜੋਕੇ ਦੌਰ ਵਿਚ ਚੁਫਰਿਓਂ ਸਮੱਸਿਆਵਾਂ ਦਾ ਸ਼ਿਕਾਰ ਹੈ, ਬੇਰੁਜ਼ਗਾਰੀ, ਨਸ਼ਾਖੋਰੀ, ਭ੍ਰਿਸਟਾਚਾਰ ਸਮੇਤ ਹੋਰ ਸਮਾਜਿਕ ਅਲਾਮਤਾਂ ’ਚ ਘਿਰੇ ਪੰਜਾਬ ਨੂੰ ਦੇਖ ਕੇ ਸੂਬੇ ਦਾ ਬੁੱਧੀਜੀਵੀ ਵਰਗ ਅਤੇ ਪੰਜਾਬ ਹਿਤੈਸ਼ੀ ਅੰਦਰੋਂ ਨਿਰਾਸ਼ ਹੈ। ਪੰਜਾਬ ਵਿਚ ਹੁਣ ਜਦੋਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਤਿਆਰ ਹੋਣ ਲੱਗਾ ਹੈ ਤਾਂ ਇਸ ਵੇਲੇ ਪੰਜਾਬ ਪ੍ਰਸਤ ਲੋਕ ਇਹ ਸੋਚਣ ਲੱਗੇ ਹਨ ਕਿ ਐਤਕੀ ’ਹੰਢੇ’ ਹੋਏ ਸਿਆਸਦਾਨਾਂ ਤੇ ਕਾਰੋਬਾਰੀਆਂ ਦੀ ਥਾਂ ਅਜਿਹੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ ਜਿੰਨ੍ਹਾਂ ਅੰਦਰ ਸਚਮੁੱਚ ਲੋਕ ਸੇਵਾ ਦਾ ਜ਼ਜ਼ਬਾ ਹੋਵੇ, ਇਸ ਤਰ੍ਹਾਂ ਦੀ ਬਣੀ ਸਥਿਤੀ ਕਰਕੇ ਮੋਗਾ ਹਲਕੇ ਤੋਂ ਮੁੜ ਸ਼ਹਿਰੀਆਂ ਦੀ ਮੰਗ ’ਤੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ ਮੈਦਾਨ ਵਿਚ ਨਿੱਤਰਣ ਲੱਗੇ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਜ਼ਿਲਾ ਬਾਰ ’ਚ ਵਕਾਲਤ ਕਰਦਿਆਂ ਹੁਣ ਤੱਕ ਅਨੇਕਾਂ ਵੱਡੇ ਕੇਸ ਲੜ੍ਹਦੇ ਹੋਏ ਆਮ ਲੋਕਾਂ ਨੂੰ ਇਨਸਾਫ਼ ਮਹੁੱਈਆਂ ਕਰਵਾਉਣ ਵਾਲੇ ਐਡਵੋਕੇਟ ਰਮੇਸ਼ ਗਰੋਵਰ ਆਪਣੀ ਤੀਖਣ ਬੁੱਧੀ ਕਰ ਕੇ ਜਿੱਥੇ ਕਾਨੂੰਨ ਦੀਆਂ ਬਾਰੀਕੀਆਂ ਜਾਣਦੇ ਹਨ ਉੱਥੇ ਉਨ੍ਹਾਂ ਦੀ ਸਾਫ਼ ਸੁਥਰੀ ਛਵੀਂ ਕਰਕੇ ਹਲਕਾ ਨਿਵਾਸੀਆਂ ਵਿਚ ਵੱਡਾ ਸਤਿਕਾਰ ਹੈ। ਮੋਗਾ ਸ਼ਹਿਰ ਅੰਦਰ ਵਿਸਾਖੀ ਦੀਆਂ ਵਧਾਈਆਂ ਦੇ ਹੋਰਡਿੰਗਾਂ ਨਾਲ ਮੁੜ ਸਰਗਰਮੀ ਵਧਾਉਣ ਵਾਲੇ ਐਡਵੋਕੇਟ ਰਮੇਸ਼ ਗਰੋਵਰ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਵਿਚਾਰਾਂ ਤੋਂ ਮੋਗਾ ਦੀ ਤਰੱਕੀ ਲਈ ਉਲੀਕਿਆ ਰੋਡ ਮੈਪ ਸਾਫ਼ ਦਿਖਾਈ ਦੇ ਰਿਹਾ ਸੀ। ਐਡਵੋਕੇਟ ਗਰੋਵਰ ਦਾ ਮੰਨਣਾ ਹੈ ਕਿ ਜਿੰਨ੍ਹਾਂ ਸਮਾਂ ਚੰਗੇ ਆਗੁੂ ਵਿਧਾਨ ਸਭਾ ਵਿਚ ਨਹੀਂ ਪੁੱਜਦੇ ਉਦੋਂ ਤੱਕ ਪੰਜਾਬ ਦੀ ਭਲਾਈ ਸੰਭਵ ਨਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀ ਆਰਥਿਕਤਾ ਲੀਹੋਂ ਲੱਥ ਗਈ ਹੈ ਇਸ ਲਈ ਪੰਜਾਬ ਨੂੰ ਬਚਾਉਣ ਲਈ ਠੋਸ ਰਣਨੀਤੀ ਦੀ ਲੋੜ ਹੈ ਕਿਉਕਿ ਪੰਜਾਬ ਦੇ ਲੋਕ ਹੁਣ ਲਾਰੇਬਾਜ਼ੀ ਦੀ ਸਿਆਸਤ ਨੂੰ ਸਮਝ ਚੁੱਕੇ ਹਨ।


