ਯਾਦਾਂ, ਭਾਵਨਾਵਾਂ ਅਤੇ ਪ੍ਰੇਰਨਾ ਨਾਲ਼ ਭਰਪੂਰ ਰਹੀ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ 'ਗੁਡ ਬਾਏ' ਵਿਦਾਇਗੀ ਪਾਰਟੀ

ਮੋਗਾ,7  ਫਰਵਰੀ ( ਜਸ਼ਨ ) ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਗੁੱਡ ਬਾਏ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ।ਇਸ ਪ੍ਰੋਗਰਾਮ ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਾਰਟੀ ਲਈ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤਾ ।ਸਕੂਲ ਦੇ ਹਾਲ ਨੂੰ ਬੜੇ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਬਾਰ੍ਹਵੀਂ ਜਮਾਤ ਦੇ ਹਰ ਵਿਦਿਆਰਥੀ ਨੂੰ ਤਿਲਕ ਲਗਾ ਕੇ 'ਜੀ ਆਇਆਂ' ਕਿਹਾ ਗਿਆ । ਇਸ ਤੋਂ ਬਾਅਦ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਵੱਖ-ਵੱਖ ਮਨੋਰੰਜਨ ਭਰਪੂਰ ਖੇਡਾਂ ਖਿਡਾਈਆਂ ਗਈਆਂ।  ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਵਾਈਸ ਪ੍ਰੈਜੀਡੈਂਟ ਡਾਕਟਰ ਇਕਬਾਲ ਸਿੰਘ, ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ, ਗੁਰਚਰਨ ਸਿੰਘ (ਐਗਜੈਕਟਿਵ ਮੈਂਬਰ) ਸਤਿਅਨ ਓਝਾ  ਉੱਘੇ ਪੱਤਰਕਾਰ ਅਤੇ ਦੀਪਕ ਤਾਇਲ   ਵੀ ਇਸ ਪਾਰਟੀ ਵਿੱਚ ਵਿਸ਼ੇਸ਼ ਤੌਰ  ਤੇ ਪਹੁੰਚੇ। ਇਸ ਮੌਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਸਿੱਖਿਆ ਅਤੇ ਯਾਦਾਂ ਦੇ ਸਫ਼ਰ ਨੂੰ ਸਭ ਨਾਲ ਸਾਂਝਾ ਕੀਤਾ। ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਇੱਕ ਮਾਰਗ ਦਰਸ਼ਕ ਅਤੇ ਸਲਾਹਕਾਰ ਵਜੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਵਿਦਿਆਰਥੀ ਇੱਥੋਂ ਆਪਣੇ ਨਾਲ ਕੈਂਬਰਿਜ ਇੰਟਰਨੈਸਨਲ ਸਕੂਲ ਦੀਆਂ ਯਾਦਾਂ, ਪਛਾਣ, ਸੰਸਕਾਰ ਅਤੇ ਸੱਭਿਆਚਾਰ ਕਦਰਾਂ ਕੀਮਤਾਂ ਨੂੰ ਲੈ ਕੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀ ਭਾਵੇਂ ਉੱਚ ਸਿੱਖਿਆ ਪ੍ਰਾਪਤ ਕਰਨ ਜਾਂ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਕੰਮ ਕਰਨ ਉਨ੍ਹਾਂ ਦੀ ਪਛਾਣ ਉਹਨਾਂ ਦੇ ਸਕੂਲ ਨਾਲ ਜੁੜੀ ਰਹੇਗੀ। ਉਹਨਾਂ ਦਾ ਵਿਹਾਰ, ਆਚਰਨ ਸੋਚ ਸਭ ਉਸ ਸੰਸਥਾ ਨੂੰ ਦਰਸਾਉਣਗੇ ਜਿਸ ਵਿੱਚ ਉਹ ਪੜ੍ਹੇ  ਹਨ। ਜੇਕਰ ਉਹ ਚੰਗਾ ਵਿਹਾਰ ਕਰਦੇ ਹਨ ਤਾਂ ਸਮਾਜ ਉਨ੍ਹਾਂ ਦੀ ਅਤੇ ਸਕੂਲ ਦੀ ਤੁਹਾਡੇ ਵਿੱਚ ਪਾਈਆਂ ਚੰਗੀਆਂ ਕਦਰਾਂ ਕੀਮਤਾਂ ਦੀ ਪ੍ਰਸ਼ੰਸਾ ਕਰੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਕਿ ਭਾਵੇਂ ਤੁਸੀਂ ਉੱਚ ਸਿੱਖਿਆ ਜਾਂ ਸਮਾਜ ਦੇ ਕਿਸੇ ਹੋਰ ਖੇਤਰ ਵਿੱਚ ਗਲਤੀ ਕਰਦੇ ਹੋ ਤਾਂ ਵੀ ਤੁਹਾਡੇ ਸਕੂਲ ਦਾ ਨਾਮ ਲਿਆ ਜਾਵੇਗਾ। ਇਸ ਲਈ ਆਪਣੀਆਂ ਕਦਰਾਂ ਕੀਮਤਾਂ ਨੂੰ ਕਦੇ ਨਾ ਭੁੱਲੋ ।ਉਹੀ ਆਚਰਨ ਅਤੇ ਵਿਹਾਰ ਅਪਣਾਓ ਜੋ ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਸਿਖਾਇਆ ਸੀ। ਇੱਕ ਚੰਗੇ ਵਿਅਕਤੀ ਵਜੋਂ ਤੁਹਾਡੀ ਪਛਾਣ ਤੁਹਾਨੂੰ ਸਹੀ ਦਿਸ਼ਾ ਅਤੇ ਜੀਵਨ ਵਿੱਚ ਸਫਲਤਾ ਦੇ ਰਾਹ ਤੇ ਲੈ ਜਾਵੇਗੀ। ਉਹਨਾਂ ਕਿਹਾ ਕਿ ਆਪਣੀ ਅਗਲੀ ਪੜ੍ਹਾਈ ਵਿੱਚ ਤੁਹਾਨੂੰ ਇਹ ਮਹਿਸੂਸ ਹੋ ਸਕਦਾ ਹੈ ਤੁਸੀਂ ਹੁਣ ਆਪਣੇ ਅਧਿਆਪਕਾਂ ਦੀ ਸਖ਼ਤੀ ਤੋਂ ਮੁਕਤ ਹੋ  ਪਰ ਜੇਕਰ ਆਜ਼ਾਦੀ ਅਨੁਸ਼ਾਸਨ ਤੋਂ ਰਹਿਤ ਅਤੇ ਇਹ ਤੁਹਾਨੂੰ ਗਲਤ ਦਿਸ਼ਾ ਵੱਲ ਲੈ ਜਾ ਸਕਦੀ ਹੈ ਸਕੂਲ ਵਿੱਚ ਅਧਿਆਪਕਾਂ ਦੀ ਸਲਾਹ ਸਿਰਫ ਤੁਹਾਡੇ ਆਪਣੇ ਭਲੇ ਲਈ ਹੁੰਦੀ ਹੈ ਤਾਂ ਜੋ ਤੁਸੀਂ ਕੁਰਾਹੇ ਨਾ ਪਵੋ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਨੁਸ਼ਾਸ਼ਿਤ ਜੀਵਨ ਸਫਲਤਾ ਦੇ ਹਰ ਟੀਚੇ ਨੂੰ ਪ੍ਰਾਪਤ ਕਰਨ ਦੀ ਕੁੰਜੀ ਹੈ। ਪ੍ਰੋਗਰਾਮ ਦੌਰਾਨ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰਾਂ ਲਈ ਆਪਣੇ ਪਿਆਰ ਸਤਿਕਾਰ ਅਤੇ ਪਿਆਰ ਨੂੰ ਸ਼ਬਦਾਂ ਅਤੇ ਭਾਵਨਾਵਾਂ ਰਾਹੀਂ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕੀਤਾ ਕਿ ਮਾਹੌਲ ਭਾਵਕ ਹੋ ਗਿਆ। ਵਿਦਿਆਰਥੀਆਂ ਨੇ ਵੀ ਵਾਅਦਾ ਕੀਤਾ ਕਿ ਉਹ ਇੱਕ ਚੰਗੇ ਅਹੁਦੇ ਤੇ ਪਹੁੰਚ ਕੇ ਅਤੇ ਚੰਗੇ ਇਨਸਾਨ ਬਣ ਕੇ ਦੁਬਾਰਾ ਇਸ ਸਕੂਲ ਵਿੱਚ ਇੱਕ ਮਹਿਮਾਨ ਦੇ ਤੌਰ ਤੇ ਆਉਣਗੇ ।ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਸਕੂਲ ਦੇ ਚੇਅਰਮੈਨ, ਪ੍ਰਿੰਸੀਪਲ ਅਤੇ ਸਮੁੱਚੀ ਮੈਨੇਜਮੈਂਟ ਦਾ ਇਸ ਪਾਰਟੀ ਨੂੰ ਆਯੋਜਨ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਿਹਾ ਅੰਤ ਵਿੱਚ ਸਾਰੇ ਵਿਦਿਆਰਥੀ ਵਿਦਾਇਗੀ ਮੌਕੇ ਬਹੁਤ ਹੀ ਭਾਵੁਕ ਪਲ ਦੇ ਵਿੱਚ ਨਜ਼ਰ ਆਏ। ਚੇਅਰਮੈਨ ਦਵਿੰਦਰ ਪਾਲ ਸਿੰਘ  ਨੇ ਦੱਸਿਆ ਕਿ ਵਿਦਾਇਗੀ  ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਵੱਡੀ ਸੰਖਿਆ ਉਨ੍ਹਾਂ ਬੱਚਿਆਂ ਦੀ ਹੈ ਜਿਨ੍ਹਾਂ ਨੇ ਸਕੂਲ ਵਿੱਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਹੈ । ਇਹ ਤੱਥ ਸਕੂਲ ਦੀ ਗੁਣਵੱਤਾ ਅਤੇ ਮਾਪਿਆਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ । ਅੰਤ ਵਿੱਚ ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਸਮਾਜ ਦੇ ਜਿਸ ਵੀ ਖੇਤਰ ਵਿੱਚ ਜਾਣ ਉਸ ਵਿੱਚ ਆਪਣਾ ਨਾਮ ਚਮਕਾਉਣ। ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਗਲੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ।