ਪ੍ਰਧਾਨ ਮੰਤਰੀ ਦਾ ਗੁਰੂ ਰਵਿਦਾਸ ਜੀ ਦੀ ਜੈਯੰਤੀ ਸਮਾਰੋਹ ’ਚ ਸ਼ਾਮਲ ਹੋਣਾ ਪੰਜਾਬ ਅਤੇ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ : ਮੀਤਾ

ਮੋਗਾ, 2  ਫਰਵਰੀ (ਕੁਲਦੀਪ ਲੋਹਟ  )  ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਕਾਲਜ ਆਊਟਰੀਚ ਦੇ ਸੂਬਾ ਪ੍ਰਧਾਨ ਹਰਮਨਦੀਪ ਸਿੰਘ ਮੀਤਾ ਨੇ ਕਿਹਾ ਹੈ ਕਿ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਚਖੰਡ ਡੇਰਾ ਸਚਖੰਡ ਬੱਲਾਂ (ਜਲੰਧਰ) ਵਿਖੇ ਗੁਰੂ ਰਵਿਦਾਸ ਜੀ ਦੀ ਜਨਮ ਜੈਯੰਤੀ ਦੇ ਸਮਾਰੋਹ ਵਿਚ ਸ਼ਾਮਿਲ ਹੋਣਾ ਪੰਜਾਬ ਅਤੇ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਸਮਾਜਿਕ ਸਮਰਸਤਾ, ਬਰਾਬਰੀ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਵਾਲਾ ਇਤਿਹਾਸਕ ਪਲ ਹੋਵੇਗਾ। ਹਰਮਨਦੀਪ ਸਿੰਘ ਮੀਤਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਰਾਹੀਂ ਸਮਾਜ ਵਿੱਚ ਫੈਲੀ ਭੇਦਭਾਵ, ਅਸਮਾਨਤਾ ਅਤੇ ਛੂਆਛਾਤ ਦੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਮਨੁੱਖਤਾ ਨੂੰ ਇਕ-ਦੂਜੇ ਨਾਲ ਪਿਆਰ, ਸਤਿਕਾਰ ਅਤੇ ਬਰਾਬਰੀ ਨਾਲ ਜੀਣ ਦਾ ਮਾਰਗ ਦਿਖਾਇਆ। ਪ੍ਰਧਾਨ ਮੰਤਰੀ ਮੋਦੀ ਵੱਲੋਂ ਡੇਰਾ ਸਚਖੰਡ ਬੱਲਾਂ ਵਿਖੇ ਹਾਜ਼ਰੀ ਲਗਾਉਣ ਨਾਲ ਗੁਰੂ ਰਵਿਦਾਸ ਜੀ ਦੀ ਸੋਚ ਨੂੰ ਦੇਸ਼ ਹੀ ਨਹੀਂ, ਸਗੋਂ ਵਿਸ਼ਵ ਪੱਧਰ ‘ਤੇ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਸਦਾ ਹੀ ਸੰਤ-ਮਹਾਂਪੁਰਖਾਂ ਦੀ ਵਿਰਾਸਤ ਨੂੰ ਸਨਮਾਨ ਦਿੱਤਾ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਅਪਣਾਈ ਹੈ। ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਦਰਸ਼ਨਾਂ ਲਈ ਆਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਰਕਾਰ ਸਮਾਜਿਕ ਏਕਤਾ ਅਤੇ ਸਮਰਸਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੀਤਾ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਇਹ ਇੱਕ ਵੱਡੀ ਪ੍ਰੇਰਣਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸੰਤ ਮਹਾਂਪੁਰਖਾਂ ਦੀ ਧਰਤੀ _ਤੇ ਆ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਮਨ ਕਰਦਾ ਹੈ। ਇਸ ਨਾਲ ਨੌਜਵਾਨਾਂ ਨੂੰ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਤੋਂ ਸਿੱਖਣ ਅਤੇ ਸਮਾਜ ਦੀ ਭਲਾਈ ਲਈ ਅੱਗੇ ਆਉਣ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਅਖੀਰ ਵਿਚ ਕਿਹਾ ਕਿ ਭਾਜਪਾ ਯੁਵਾ ਮੋਰਚਾ ਵੱਲੋਂ ਪ੍ਰਧਾਨ ਮੰਤਰੀ ਦੇ ਇਸ ਦੌਰੇ ਦਾ ਸਵਾਗਤ ਕੀਤਾ ਗਿਆ ।