ਤੰਦਰੁਸਤ ਜੀਵਨ ਲਈ ਚੰਗਾ ਜਲਵਾਯੂ ਤੇ ਭੋਜਨ ਅਹਿਮ - ਡਾ ਜਸਵਿੰਦਰ ਸਿੰਘ ਬਰਾੜ

ਮੋਗਾ, 20 ਜਨਵਰੀ (ਜਸ਼ਨ )-ਜਿਸ ਕਿਸਮ ਦਾ ਅਸੀਂ ਭੋਜਨ ਖਾਂਦੇ ਹਾਂ, ਉਸੇ ਅਨੁਸਾਰ ਸਾਡੀ ਸੋਚ ਅਤੇ ਜੀਵਨ-ਆਦਰਸ਼ ਉਭਰਦੇ ਹਨ। ਤੰਦਰੁਸਤ ਮਨੁੱਖ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦਾ ਹੈ । ਇਹ ਵਿਚਾਰ ਸਟੇਟ ਅਵਾਰਡੀ , ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਅਤੇ ਫਰੀਡਮ ਫ਼ਾਈਟਰ ਫਾਰਮਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਮੋਗਾ ਵਿਖੇ ਟਰੇਨਿੰਗ ਕੈਂਪ ਦੋਰਾਨ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਬੋਲਦਿਆਂ ਡਾ ਬਰਾੜ ਨੇ ਕਿਹਾ ਕਿ ਭੋਜਨ ਅਤੇ ਜਲਵਾਯੂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਭੋਜਨ ਸਾਡੀ ਸ਼ਖ਼ਸੀਅਤ ਅਤੇ ਸੋਚ-ਉਸਾਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਡੱਬਾ ਬੰਦ ਤੇ ਫ਼ਾਸਟ ਫੂਡ ਦੀ ਬਜਾਏ ਘਰੇਲੂ ਸਾਦੇ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਭੋਜਨ ਦੇ ਨਾਲ ਨਾਲ ਹਵਾ ਦਾ ਵੀ ਬਹੁਤ ਹੀ ਮਹੱਤਵਪੂਰਨ ਰੋਲ ਹੈ। ਜੇਕਰ ਅੰਨ ਅਤੇ ਆਕਸੀਜਨ ਸੁੱਧ ਹੋਣਗੇ ਤਾਂ ਹੀ ਮਨੁੱਖੀ ਸਿਹਤ ਅਤੇ ਜੀਵਨ ਤੰਦਰੁਸਤ ਰਹੇਗਾ। ਹਵਾ ਵਿੱਚ ਸਾਹ ਲੈਣ ਲਈ ਸੁੱਧ ਆਕਸੀਜਨ ਦਾ ਭਰਪੂਰ ਮਾਤਰਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਹਵਾ ਵਿੱਚ ਆਕਸੀਜਨ ਦੀ ਕਮੀ ਹੋਵੇ ਤਾਂ ਬਹੁਤ ਗੰਭੀਰ ਸਰੀਰਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਤੰਦਰੁਸਤ ਜੀਵਨ ਲਈ ਚੰਗੇ ਜਲਵਾਯੂ ਦੀ ਬਹੁਤ ਮਹੱਤਤਾ ਹੈ ਕਿਉਂਕਿ ਸੁੱਧ ਆਕਸੀਜਨ ,ਸਾਫ਼ ਸੁਥਰੇ ਵਾਤਾਵਰਨ ਤੋਂ ਹੀ ਉਪਲੱਬਤ ਹੋ ਸਕਦੀ ਹੈ। ਸੁੱਧ ਤੇ ਸਵੱਛ ਭੋਜਨ ਤੰਦਰੁਸਤ ਮਾਨਸਿਕਤਾ ਲਈ ਅਤੀ ਜ਼ਰੂਰੀ ਹੈ। ਗੰਧਲੇ ਵਾਤਾਵਰਨ ਤੇ ਮਿਲਾਵਟਖੋਰੀ ਖਾਧ ਪਦਾਰਥਾਂ ਨੇ ਮਨੁੱਖ ਨੂੰ ਬਿਮਾਰੀਆਂ ਦੀ ਲਪੇਟ ਵਿੱਚ ਲਿਆ ਦਿੱਤਾ ਹੈ ਤੇ ਮਨੁੱਖੀ ਔਸਤਨ ਉਮਰ ਲਗਾਤਾਰ ਘਟਦੀ ਜਾ ਰਹੀ ਹੈ। ਸੋ ਸਮਾਜ ਦੀ ਬਿਹਤਰੀ , ਖੁਸ਼ਹਾਲੀ ਤੇ ਤੰਦਰੁਸਤੀ ਲਈ ਸਾਨੂੰ ਸਾਰਿਆਂ ਨੂੰ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰਨੀ ਪਵੇਗੀ । ਇਸ ਮੌਕੇ ਤੇ ਇਲਾਕੇ ਦੀਆਂ ਪ੍ਰਮੁੱਖ ਸਮਾਜਿਕ, ਰਾਜਨੀਤਿਕ, ਧਾਰਮਿਕ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ।


