ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ

ਮੋਗਾ, 13 ਜਨਵਰੀ (ਜਸ਼ਨ) :ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਪੰਜਾਬ ਦਾ ਪ੍ਰਸਿੱਧ ਤੇ ਵਿਰਾਸਤੀ ਤਿਉਹਾਰ 'ਲੋਹੜੀ' ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਮੈਦਾਨ ਵਿੱਚ ਪਵਿੱਤਰ ਲੋਹੜੀ ਬਾਲੀ਼ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ (ਅਕਾਦਮਿਕ ਸਲਾਹਕਾਰ), ਮੈਡਮ ਪੇਮਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਭ ਨੇ ਮਿਲ ਕੇ ਲੋਹੜੀ ਦੀ ਧੂਣੀ ਵਿੱਚ ਤਿਲ ਪਾਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਜੀ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ  ਨੇ ਸਾਰੇ ਸਟਾਫ਼ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ। ਸਕੂਲ ਦੇ ਐਕਟੀਵਿਟੀ ਕੁਆਰਡੀਨੇਟਰ ਜਸਪ੍ਰੀਤ ਕੌਰ ਨੇ ਸਾਰੇ ਸਟਾਫ਼ ਨੂੰ ਵੱਖ-ਵੱਖ ਖੇਡਾਂ ਕਰਵਾਈਆਂ । ਸਾਰੇ ਸਟਾਫ਼ ਨੇ ਮਿਲ ਕੇ ਗਿੱਧਾ ਪਾਇਆ ਅਤੇ ਲੋਹੜੀ ਦੇ ਗੀਤਾਂ ਤੇ ਨਾਚ ਪੇਸ਼ ਕੀਤਾ।