ਡਾ. ਰਾਜਨ ਸਿੱਧੂ ਅਤੇ ਸਿਡਨੀ ਸਪੋਰਟਰਜ਼ ਨੇ ਹੜ੍ਹ ਪੀੜਤਾਂ ਲਈ ਸਮਰਪਿਤ ਹੋ ਕੇ ਸੇਵਾ ਨਿਭਾਈ : ਇਕਬਾਲਦੀਪ ਸਿੰਘ ਹੈਰੀ

ਧਰਮਕੋਟ,18 ਅਕਤੂਬਰ (ਮਨੋਜ ਕੁਮਾਰ ਨਿੱਕੂ)
ਹਲਕਾ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਡਾ. ਰਾਜਨ ਸਿੱਧੂ ਅਤੇ ਸਿਡਨੀ ਸਪੋਰਟਰਜ਼ ਵਲੋਂ ਨਿਰੰਤਰ ਰਾਹਤ ਅਤੇ ਮੈਡੀਕਲ ਸੇਵਾਵਾਂ ਜਾਰੀ ਹਨ। ਟੀਮ ਮੱਖਣ ਬਰਾੜ ਵੱਲੋਂ ਪਹਿਲੇ ਦਿਨ ਤੋਂ ਹੀ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕਰਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਹੜ੍ਹ ਤੋਂ ਬਾਅਦ ਪੈਦਾ ਹੋ ਰਹੀਆਂ ਬਿਮਾਰੀਆਂ ਦੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਟੀਮ ਵੱਲੋਂ ਵੱਡੇ ਪੱਧਰ ’ਤੇ ਮੱਛਰਾਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਰੋਜ਼ਾਨਾ ਸਪਰੇ ਕਰਵਾਏ ਜਾ ਰਹੇ ਹਨ।

ਇਸ ਸੇਵਾ ਮੁਹਿੰਮ ਦੇ ਤਹਿਤ ਡਾ. ਰਾਜਨ ਸਿੱਧੂ (ਜਲੰਧਰ) ਦੀ ਅਗਵਾਈ ਹੇਠ ਸਿਡਨੀ ਸਪੋਰਟਰਜ਼ ਦੇ ਸਹਿਯੋਗ ਨਾਲ ਵਿਸ਼ਾਲ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਹ ਕੈਂਪ ਨਾ ਕੇਵਲ ਆਮ ਬਿਮਾਰੀਆਂ ਲਈ ਦਵਾਈਆਂ ਪ੍ਰਦਾਨ ਕਰਦੇ ਹਨ, ਸਗੋਂ ਲੋਕਾਂ ਨੂੰ ਪੂਰੀ ਸਿਹਤ ਜਾਂਚ ਅਤੇ ਸਲਾਹ ਵੀ ਦਿੱਤੀ ਜਾਂਦੀ ਹੈ। ਖਾਸ ਕਰਕੇ ਬੁਖਾਰ, ਚਮੜੀ ਦੇ ਰੋਗ, ਸਾਹ ਦੀਆਂ ਬਿਮਾਰੀਆਂ ਅਤੇ ਹੋਰ ਆਮ ਰੋਗਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ।

ਡਾ. ਰਾਜਨ ਸਿੱਧੂ ਅਤੇ ਉਹਨਾਂ ਦੀ ਟੀਮ ਵੱਲੋਂ ਡੈਂਟਲ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿੱਥੇ ਦੰਦਾਂ ਦੀ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ। ਇਹ ਸੇਵਾਵਾਂ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋ ਰਹੀਆਂ ਹਨ। ਸਿਡਨੀ ਸਪੋਰਟਰਜ਼ ਦੀ ਸਹਾਇਤਾ ਨਾਲ ਇਹ ਉਪਰਾਲਾ ਨਿਰੰਤਰ ਜਾਰੀ ਹੈ ਅਤੇ ਹਰ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ ਸੇਵਾਵਾਂ ਦਾ ਲਾਭ ਲੈ ਰਹੇ ਹਨ।

ਟੀਮ ਮੱਖਣ ਬਰਾੜ ਦੇ ਸਰਗਰਮ ਮੈਂਬਰ ਇਕਬਾਲਦੀਪ ਸਿੰਘ ਹੈਰੀ ਨੇ ਕਿਹਾ ਕਿ ਉਹ ਡਾ. ਰਾਜਨ ਸਿੱਧੂ ਅਤੇ ਸਿਡਨੀ ਸਪੋਰਟਰਜ਼ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਹੜ੍ਹ ਪੀੜਤ ਪਰਿਵਾਰਾਂ ਲਈ ਆਪਣੀਆਂ ਸੇਵਾਵਾਂ ਸਮਰਪਿਤ ਕੀਤੀਆਂ ਹਨ। ਉਹਨਾਂ ਦੱਸਿਆ ਕਿ ਹਰ ਪਿੰਡ ਵਿੱਚ ਡਾਕਟਰਾਂ ਦੀ ਟੀਮ ਨਿਰੰਤਰ ਪਹੁੰਚ ਰਹੀ ਹੈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਇਲਾਜ ਪ੍ਰਦਾਨ ਕਰ ਰਹੀ ਹੈ।

ਇਹ ਵਿਸ਼ਾਲ ਮੈਡੀਕਲ ਕੈਂਪ ਪਿੰਡ ਚੱਕ ਤਾਰੇਵਾਲਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਪਿੰਡ ਚੱਕ ਭੌਰੇ, ਗੱਟੀ ਜੱਟਾਂ,ਜੀਂਦੜਾ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਮਰੀਜ਼ ਪਹੁੰਚੇ। ਇਸ ਮੌਕੇ ਡਾ. ਸੰਦੀਪ ਸਿੱਧੂ, ਗੁਰਜੀਤ ਸਿੰਘ ਖਿੰਡਾ, ਦਲਜੀਤ ਸਿੰਘ (ਦਫ਼ਤਰ ਇੰਚਾਰਜ) ਆਦਿ ਹਾਜ਼ਰ ਰਹੇ ਅਤੇ ਮਰੀਜ਼ਾਂ ਦੀ ਸੇਵਾ ਵਿੱਚ ਪੂਰੀ ਤਰ੍ਹਾਂ ਸਮਰਪਿਤ ਰਹੇ।

ਡਾ. ਰਾਜਨ ਸਿੱਧੂ ਨੇ ਕਿਹਾ ਕਿ ਉਹਨਾਂ ਦਾ ਮਕਸਦ ਹਲਕਾ ਧਰਮਕੋਟ ਦੇ ਹਰ ਪ੍ਰਭਾਵਿਤ ਪਰਿਵਾਰ ਤੱਕ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਉਹਨਾਂ ਦੱਸਿਆ ਕਿ ਹੜ੍ਹ ਤੋਂ ਬਾਅਦ ਦੇ ਮੌਸਮੀ ਬਦਲਾਅ ਅਤੇ ਗੰਦਲੇ ਪਾਣੀ ਕਾਰਨ ਕਈ ਬਿਮਾਰੀਆਂ ਫੈਲ ਸਕਦੀਆਂ ਹਨ, ਇਸ ਲਈ ਸਮੇਂ ਸਿਰ ਇਲਾਜ ਅਤੇ ਦਵਾਈਆਂ ਪਹੁੰਚਾਉਣਾ ਬਹੁਤ ਜ਼ਰੂਰੀ ਹੈ।

ਬਰਜਿੰਦਰ ਸਿੰਘ ਮੱਖਣ ਬਰਾੜ ਨੇ ਡਾ. ਰਾਜਨ ਸਿੱਧੂ ਅਤੇ ਉਹਨਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਨੁੱਖਤਾ ਦੀ ਸੇਵਾ ਦਾ ਉੱਤਮ ਉਦਾਹਰਨ ਹੈ। ਉਹਨਾਂ ਕਿਹਾ ਕਿ ਟੀਮ ਮੱਖਣ ਬਰਾੜ ਇਸੇ ਤਰ੍ਹਾਂ ਹਲਕੇ ਦੇ ਹਰੇਕ ਪਿੰਡ ਤੱਕ ਸੇਵਾ ਪਹੁੰਚਾਉਂਦੀ ਰਹੇਗੀ ਅਤੇ ਜਦ ਤਕ ਹੜ੍ਹ ਪੀੜਤ ਪੂਰੀ ਤਰ੍ਹਾਂ ਮੁੜ ਆਪਣੇ ਪੈਰਾਂ 'ਤੇ ਨਹੀਂ ਖੜ੍ਹ ਜਾਂਦੇ, ਇਹ ਉਪਰਾਲੇ ਜਾਰੀ ਰਹਿਣਗੇ।