ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ 'ਫੂਡ ਫੈਸਟ' ਪ੍ਰੋਗਰਾਮ ਆਯੋਜਿਤ ਕੀਤਾ ਗਿਆ

ਮੋਗਾ,18ਅਕਤੂਬਰ(ਜਸ਼ਨ)ਕੈਂਬਰਿਜ  ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ, ਹਰਪ੍ਰੀਤ ਕੌਰ (ਅਕਾਦਮਿਕ ਸਲਾਹਕਾਰ) ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਤੇ ਐਕਟਿਵਟੀ ਕੋਆਰਡੀਨੇਟਰ ਜਸਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਲਈ ਦੀਵਾਲੀ ਦੇ ਤਿਉਹਾਰ ਮੌਕੇ ਫੂਡ ਫੈਸਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਤਹਿਤ ਪੰਜਵੀਂ , ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚੇ ਆਪਣੇ ਘਰਾਂ ਤੋਂ ਤਿਆਰ ਕੀਤੇ ਹੋਏ ਤਾਜ਼ਾ ਤੇ ਸਿਹਤਮੰਦ ਭੋਜਨ ਤੇ ਹੋਰ ਖਾਧ ਪਦਾਰਥ ਸਕੂਲ ਵਿੱਚ ਲੈ ਕੇ ਆਏ। ਇਸ ਮੌਕੇ ਗਿਆਰ੍ਹਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੱਕੀ ਦੀ ਰੋਟੀ,  ਸਰੋਂ ਦਾ ਸਾਗ, ਚਟਨੀ, ਮੱਖਣ, ਅਚਾਰ, ਲੱਸੀ, ਜਲੇਬੀ, ਖੀਰ, ਗੁੜ ਵਾਲੀ ਚਾਹ, ਪਿੰਨੀਆਂ, ਲੱਡੂ ਆਦਿ ਚੀਜ਼ਾਂ ਨੂੰ ਖ਼ਾਸ ਪੇਸ਼ਕਾਰੀ ਦਿੰਦੇ ਹੋਏ 'ਪੰਜਾਬੀ ਤੜਕਾ' ਸਟਾਲ ਲਗਾਇਆ। ਇਸ ਤੋਂ ਬਿਨਾਂ ਉਹਨਾਂ ਨੇ ਚਾਟ ਪਾਪੜੀ, ਦਹੀਂ ਭੱਲਾ, ਪਾਸਤਾ, ਬਰਗਰ ਆਦਿ ਆਈਸਕ੍ਰੀਮ ਦੀਆਂ ਸਟਾਲਾਂ ਲਗਾਈਆਂ  । ਉਹਨਾਂ ਨੇ ਆਪਣੇ ਖਾਧ ਪਦਾਰਥਾਂ ਦੀਆਂ ਵੱਖ-ਵੱਖ ਕੀਮਤਾਂ ਤੈਅ ਕਰਕੇ ਸਕੂਲ ਦੇ  ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੇਚੀਆਂ। ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੇ ਹੱਥੀਂ ਕਿਰਤ ਕਰਨ, ਭੋਜਨ ਬਣਾਉਣ ਵਿੱਚ ਲੱਗੀ ਮਿਹਨਤ, ਲਾਭ ਅਤੇ ਹਾਨੀ ਦੇ ਮਹੱਤਵ ਨੂੰ ਸਮਝਿਆ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪਕੌੜੇ, ਮਿੱਠੀਆਂ ਸੇਵੀਆਂ, ਪੈਨ ਕੇਕ, ਗੋਲ ਗੱਪੇ, ਬੇਲ ਪੂੜੀ ਦੀਆਂ ਸਟਾਲਾਂ ਲਗਾਈਆਂ ਅਤੇ ਬੇਕਾਰ ਵਸਤੂਆਂ ਤੋਂ ਵੱਖ ਵੱਖ ਸਜ਼ਾਵਟੀ ਚੀਜ਼ਾਂ ਤਿਆਰ ਕਰਕੇ ਉਹਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਅਤੇ ਛੋਟੇ ਬੱਚਿਆਂ ਨੇ ਇਸ ਪ੍ਰੋਗਰਾਮ ਰਾਹੀਂ ਗਣਿਤ ਦੇ ਵੱਖ ਵੱਖ ਵਿਸ਼ਿਆਂ ਜੋੜ, ਘਟਾਉਣਾ, ਲਾਭ ਅਤੇ ਹਾਨੀ ਨੂੰ ਬਹੁਤ ਹੀ ਸੌਖੇ ਢੰਗ ਨਾਲ ਸਮਝ ਲਿਆ।  ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ 'ਫੂਡ ਫੈਸਟ' ਵਿੱਚ ਵੱਖ-ਵੱਖ ਭੋਜਨ ਪਦਾਰਥਾਂ ਨੂੰ ਖਰੀਦਿਆ। ਸਕੂਲ ਦੇ ਪ੍ਰੈਜੀਡੈਂਟ  ਕੁਲਦੀਪ ਸਿੰਘ ਸਹਿਗਲ ਅਤੇ  ਪ੍ਰਿੰਸੀਪਲ ਸਤਵਿੰਦਰ ਕੌਰ ਨੇ  ਵਿਦਿਆਰਥੀਆਂ ਦੁਆਰਾ ਲਗਾਈ ਗਈ ਸਟਾਲਾਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਖਾਧ ਪਦਾਰਥਾਂ ਨੂੰ ਖ਼ਰੀਦ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।ਅੰਤ ਵਿੱਚ ਵਿਦਿਆਰਥੀਆਂ ਨੇ ਆਪਣੇ ਬਚੇ ਹੋਏ ਭੋਜਨ ਨੂੰ ਵੇਚਣ ਲਈ ਵੱਖ-ਵੱਖ ਖਾਧ ਪਦਾਰਥਾਂ ਤੇ ਵੱਖ-ਵੱਖ ਛੋਟ ਵੀ ਦਿੱਤੀ । ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ - ਆਪਣੀਆਂ ਜਮਾਤਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਅਤੇ ਰੰਗੋਲੀ ਵੀ ਬਣਾਈ। ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ ਅਤੇ ਸਮੁੱਚੀ ਮੈਨੇਜਮੈਂਟ ਨੇ ਸਕੂਲ ਦੇ ਸਾਰੇ ਸਟਾਫ਼ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੀਵਾਲੀ ਦੇ ਤੋਹਫ਼ੇ ਵੀ ਵੰਡੇ।