ਸਿਖਿਆ ਖੇਤਰ ਦੀਆਂ ਤਿੰਨ ਮਹਿਲਾਵਾਂ ਨੇ ਜਿੱਤੇ ਸਟੇਟ ਐਵਾਰਡ,ਵਧਾਇਆ ਮੋਗਾ ਜ਼ਿਲ੍ਹੇ ਦਾ ਮਾਣ

ਮੋਗਾ 5 ਅਕਤੂਬਰ( ਅਵਤਾਰ ਸਿੰਘ ਕਰੀਰ ) ਪੰਜਾਬ ਸਰਕਾਰ ਵੱਲੋਂ ਸਿਖਿਆ ਖੇਤਰ ਵਿਚ ਮਾਣ ਮਤੀਆਂ ਪ੍ਰਾਪਤੀਆਂ ਵਾਲਿਆਂ ਸ਼ਖਸੀਅਤਾਂ ਲਈ ਰਾਜ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ।ਮੋਗਾ ਜ਼ਿਲ੍ਹੇ ਵਿਚ ਗਗਨਦੀਪ ਕੌਰ ਵਿਗਿਆਨ ਅਧਿਆਪਿਕਾ ਪੱਤੋ ਹੀਰਾ ਸਿੰਘ ਅਤੇ ਰੁਪਿੰਦਰ ਕੌਰ ਪ੍ਰਾਇਮਰੀ ਅਧਿਆਪਿਕਾ ਭੀਮ ਨਗਰ ਨੂੰ ਉਹਨਾਂ ਦੀਆਂ ਵਿਲੱਖਣ ਪ੍ਰਾਪਤੀਆਂ ਲਈ 'ਅਧਿਆਪਕ ਰਾਜ ਪੁਰਸਕਾਰ' ਦੇਣ  ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਲਾਕ ਪ੍ਰਾਇਮਰੀ ਅਫਸਰ ਵਰਿੰਦਰ ਕੌਰ ਨੂੰ ਸਫਲ ਪ੍ਰਬੰਧਕ ਵਜੋਂ ਸਨਮਾਨਿਤ ਕਰਦਿਆਂ ਰਾਜ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।  ਲੈਕਚਰਾਰ ਤੇਜਿੰਦਰ ਸਿੰਘ ਜਸ਼ਨ 'ਸਟੇਟ ਅਵਾਰਡੀ' ਨੇ ਆਖਿਆ ਕਿ ਇਹ ਤਿੰਨੋਂ ਸ਼ਖਸੀਅਤਾਂ ਬੇਹੱਦ ਮੇਹਨਤੀ ਅਤੇ ਵਿਭਾਗ ਨੂੰ ਸਮਰਪਿਤ ਨੇ ਇਸ ਕਰਕੇ ਮਾਣਯੋਗ ਸਿਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਅਜਿਹੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਲਈ ਕੀਤੀ ਚੋਣ ਸ਼ਲਾਘਾਯੋਗ ਉੱਦਮ ਹੈ।ਐਡਵੋਕੇਟ ਜੁਪਿੰਦਰ ਸਿੰਘ ਦੀ ਸੁਪਤਨੀ ਗਗਨਦੀਪ ਕੌਰ ਨੇ ਦੱਸਿਆ ਕਿ ਵਿਗਿਆਨ ਮੇਲਿਆਂ ਵਿਚ ਉਹਨਾਂ ਦੇ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ,ਇੰਸਪਾਇਰ ਐਵਾਰਡ ਮੁਕਾਬਲੇ ਵਿਚ ਕੌਮੀ ਪੱਧਰ ਤੱਕ ਦੀ ਸ਼ਮੂਲੀਅਤ ਅਤੇ ਪਿੱਛਲੇ ਸਾਲਾਂ ਦੌਰਾਨ ਉਹਨਾਂ ਦੇ 10 ਵਿਦਿਆਰਥੀਆਂ ਦਾ ਮੈਰਿਟ ਵਿਚ ਪਾਸ ਹੋਣਾਂ, ਉਹਨਾਂ ਲਈ ਸ਼ੁੱਭ ਸ਼ਗਨ ਸਿੱਧ ਹੋਇਆ ਹੈ।
ਅਧਿਆਪਕ ਕੰਵਲਜੀਤ ਸਿੰਘ ਸਮਾਧ ਭਾਈ ਦੀ ਸੁਪਤਨੀ ਰੁਪਿੰਦਰ ਕੌਰ ਪ੍ਰਾਇਮਰੀ ਅਧਿਆਪਿਕਾ ਨੇ ਆਖਿਆ ਕਿ ਕਲਾ ਦੇ ਖੇਤਰ ਨਾਲ ਜੁੜਨਾ ਉਹਨਾਂ ਲਈ ਇਸ ਮਾਣਮੱਤੀ ਪ੍ਰਾਪਤੀ ਦਾ ਸਬੱਬ ਬਣਿਆ। ਕੈਲੀਗ੍ਰਾਫੀ ਦੀ ਮਾਹਿਰ ਰੁਪਿੰਦਰ ਦੇ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਦੇਖ ਕੇ ਹਰ ਬਾਸ਼ਿੰਦਾ ਅਸ਼ ਅਸ਼ ਕਰ ਉਠਦੈ। ਆਪਣੇ 14 ਵਿਦਿਆਰਥੀਆਂ ਨੂੰ ਰਾਜ ਪੱਧਰ ਤੱਕ ਦੇ ਇਨਾਮ ਜਿੱਤਣ ਦੇ ਕਾਬਿਲ ਬਣਾਉਣ ਤੋਂ ਇਲਾਵਾ  ਰਾਣੀ ਲਕਸ਼ਮੀ ਬਾਈ ਕਲਾ ਐਵਾਰਡ ਅਤੇ ਲਿਟਲ  ਟ੍ਰਸ੍ਟ  ਇੰਨੋਵੇਟਵ ਟੀਚਰ ਐਵਾਰਡ ਜੇਤੂ  ਰੁਪਿੰਦਰ ਕੌਰ ਨੇ ਆਪਣੇ ਹੱਥੀਂ ਭੀਮ ਨਗਰ ਸਕੂਲ ਵਿਚ ਬਾਲਾ ਵਰਕ ਆਪਣੇ ਹੱਥੀਂ ਸਿਰਜਿਆ।
ਬਲਾਕ ਪ੍ਰਾਇਮਰੀ ਅਫਸਰ ਵਰਿੰਦਰ ਕੌਰ ਨੂੰ ਸਫਲ ਪ੍ਰਬੰਧਕ ਵਜੋਂ  ਰਾਜ ਪੁਰਸਕਾਰ ਦੇ ਕੇ ਸਨਮਾਨਿਤ ਕਰਨ ਪਿੱਛੇ ਉਹਨਾਂ ਵੱਲੋਂ ਸਮੂਹ ਕਰਮਚਾਰੀਆਂ ਨੂੰ ਪ੍ਰੇਰਨਾ ਦੇਣਾ ਸ਼ਾਮਿਲ ਰਿਹਾ ਹੈ । ਉਹਨਾਂ ਦੇ ਪਤੀ ਸਾਬਕਾ ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ ਨੇ ਜਿਥੇ ਡਾਈਟ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਉੱਥੇ ਅੱਜ ਆਪਣੀ ਪਤਨੀ ਦੀ ਪ੍ਰਾਪਤੀ 'ਤੇ ਉਹਨਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ, ਸਮੂਹ ਰਾਜ ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਹੈ।