ਕੈਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਮਿਸ਼ਨ ਹਰਿਆਲੀ ਪ੍ਰੋਗਰਾਮ ਦੇ ਤਹਿਤ ਸਕੂਲ ਵਿੱਚ ਵੱਖ-ਵੱਖ ਥਾਵਾਂ ਤੇ ਬੂਟੇ ਲਗਾਏ ਗਏ

ਮੋਗਾ, 22 ਅਗਸਤ (ਜਸ਼ਨ) ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਚਲਾਈ ਜਾ ਰਹੀ ਮਿਸ਼ਨ ਹਰਿਆਲੀ ਮੁਹਿੰਮ ਤਹਿਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਵੀ ਆਪਣਾ ਯੋਗਦਾਨ ਪਾਉਂਦੇ ਹੋਏ ਸਕੂਲ ਦੇ ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਦੀ ਅਗਵਾਈ ਹੇਠ ਸਕੂਲ ਵਿੱਚ ਵੱਖ-ਵੱਖ ਥਾਵਾਂ ਤੇ ਬੂਟੇ ਲਗਾਏ । ਸਕੂਲ ਦੇ ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ ਨੇ ਦੱਸਿਆ ਕਿ ਫ਼ਾਉਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਵੱਲੋਂ 2022 ਵਿੱਚ 5 ਲੱਖ, 2023 ਵਿੱਚ 7 ਲੱਖ ਤੇ 2024 ਵਿੱਚ 8 ਲੱਖ ਪੋਦੇ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ ।ਫਾਊਂਡੇਸ਼ਨ ਦੁਆਰਾ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। 2025 ਦੀ ਮੁਹਿੰਮ ਦੇ ਤਹਿਤ 7 ਜੁਲਾਈ ਤੋਂ 16 ਜੁਲਾਈ ਤੱਕ ਵੱਖ-ਵੱਖ ਥਾਵਾਂ ਤੇ ਬੂਟੇ ਲਗਾਏ ਜਾਣੇ ਹਨ। ਕੈਂਬਰਿਜ ਇੰਟਰਨੈਸ਼ਨਲ ਸਕੂਲ ਹਰ ਸਾਲ ਮਿਸ਼ਨ ਹਰਿਆਲੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦਾ ਆ ਰਿਹਾ ਹੈ ਕਿਉਂਕਿ ਅੱਜ ਸਾਡਾ ਸਭ ਦਾ ਸਾਂਝਾ ਫਰਜ਼ ਹੈ ਕਿ ਅਸੀਂ ਆਪਣੀ ਧਰਤੀ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਮੁਕਤ ਰੱਖੀਏ ਤੇ ਆਉਣ ਵਾਲੀਆਂ ਪੀੜੀਆਂ ਨੂੰ  ਸਾਫ਼ ਤੇ ਸ਼ੁੱਧ ਵਾਤਾਵਰਨ ਦੇ ਸਕੀਏ ।ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਵੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਰ ਸਾਲ ਵਿਦਿਆਰਥੀਆਂ ਨੂੰ ਗਰਮੀਆਂ ਦੇ ਛੁੱਟੀਆਂ ਵਿੱਚ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਉਣ ਦਾ ਕੰਮ ਦਿੱਤਾ ਜਾਂਦਾ ਹੈ ਇਸ ਪ੍ਰੋਗਰਾਮ ਵਿੱਚ ਸਾਰੇ ਵਿਦਿਆਰਥੀ ਅਤੇ ਅਧਿਆਪਕ ਪੂਰੇ ਉਤਸ਼ਾਹ ਨਾਲ ਭਾਗ ਲੈਂਦੇ ਹਨ। ਇਸ ਸਾਲ ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਅਤੇ ਸੈਕਰਡ ਹਾਰਡ ਸਕੂਲ, ਧੂੜਕੋਟ ਕਲਾਂ ਦੇ 1609 ਵਿਦਿਆਰਥੀਆਂ ਅਤੇ 130 ਅਧਿਆਪਕਾਂ ਨੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਭਾਗ ਲਿਆ।