ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਭੈਣ ਭਰਾ ਦੇ ਪਿਆਰ ਅਤੇ ਰਿਸ਼ਤਿਆਂ ਦੀ ਨਿੱਘ ਦਾ ਪ੍ਰਤੀਕ ਤਿਉਹਾਰ 'ਰੱਖੜੀ' ਮਨਾਇਆ ਗਿਆ

MOGA 8 ਅਗਸਤ 2025(JASHAN)ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ, ਮੈਡਮ ਹਰਪ੍ਰੀਤ ਕੌਰ (ਅਕਾਦਮਿਕ ਸਲਾਹਕਾਰ) ਐਕਟੀਵਿਟੀ ਕੋਆਰਡੀਨੇਟਰ ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਨੰਨੇ- ਮੁੰਨੇ ਬੱਚਿਆਂ ਨੇ ਰੰਗ ਬਿਰੰਗੀਆਂ ਰੱਖੜੀਆਂ ਵਿੱਚ ਰੰਗ ਭਰੇ। ਤੀਸਰੀ ਤੋਂ ਛੇਵੀਂ ਜਮਾਤ ਦੇ ਬੱਚਿਆਂ ਨੇ ਬਹੁਤ ਹੀ ਸੋਹਣੀਆਂ ਰੱਖੜੀਆਂ ਬਣਾਈਆਂ ਅਤੇ ਇਸ ਤਿਉਹਾਰ ਦੀ ਭਾਵਨਾ ਨੂੰ ਪੇਸ਼ ਕਰਦੇ ਪੋਸਟਰ ਬਣਾਏ। ਸੱਤਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੱਖੜੀ ਦੇ ਤਿਉਹਾਰ ਨੂੰ ਇੱਕ ਨਵਾਂ ਰੰਗ ਦਿੱਤਾ। ਉਹਨਾਂ ਨੇ ਸਕੂਲ ਦੇ ਵੱਖ-ਵੱਖ ਬੂਟਿਆਂ ਅਤੇ ਰੁੱਖਾਂ ਨੂੰ ਰੱਖੜੀਆਂ ਬੰਨੀਆਂ ਅਤੇ ਰੁੱਖਾਂ ਨਾਲ ਆਪਣੇ ਰਿਸ਼ਤੇ ਨੂੰ ਨਿਭਾਉਣ ਦਾ ਪ੍ਰਣ ਕੀਤਾ। ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਤਿਉਹਾਰ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਰੁੱਖਾਂ ਨੂੰ ਰੱਖੜੀ ਬੰਨੀ ਹੈ ਅਤੇ ਰੁੱਖਾਂ ਪ੍ਰਤੀ ਆਪਣੇ ਸਤਿਕਾਰ ਦਾ ਇਜਹਾਰ ਕੀਤਾ ਹੈ ਕਿਉਂਕਿ ਰੁੱਖ ਹੀ ਹਨ ਜੋ ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਦਾ ਸਾਥ ਨਿਭਾਉਂਦੇ ਹਨ। ਰੁੱਖਾਂ ਵਰਗਾ ਕੋਈ ਪਰਉਪਕਾਰੀ ਨਹੀਂ ਹੈ। ਇਸ ਰਾਹੀਂ ਵਿਦਿਆਰਥੀਆਂ ਨੇ ਕੁਦਰਤ ਨਾਲ ਆਪਣੇ ਪਿਆਰ ਨੂੰ ਹੋਰ ਵੀ ਪੱਕਾ ਕੀਤਾ ਹੈ।


