ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਨੇ ਖ਼ੂਬ ਰੰਗ ਬੰਨਿਆ

ਮੋਗਾ,2 ਅਗਸਤ(ਜਸ਼ਨ):ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਵਿਦਿਆਰਥੀਆਂ ਨੂੰ ਅਲੋਪ ਹੋ ਰਹੇ ਤਿਉਹਾਰਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਉਦੇਸ਼ ਨਾਲ ਤੀਆਂ ਦਾ ਪੁਰਾਤਨ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੀਆਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਮੈਨੇਜਮੈਂਟ ਮੈਂਬਰ ਮੈਡਮ ਪੇਮਿੰਦਰ ਕੌਰ ਅਤੇ ਮੈਡਮ ਹਰਪ੍ਰੀਤ ਕੌਰ (ਅਕਾਦਮਿਕ ਸਲਾਹਕਾਰ) ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਪ੍ਰੋਗਰਾਮ ਦੀ ਰੌਣਕ ਵਧਾਈ। ਸਕੂਲ ਦੀਆਂ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿੱਚ ਬਹੁਤ ਹੀ ਸੁੰਦਰ ਲੱਗ ਰਹੀਆਂ ਸਨ। ਇਸ ਮੌਕੇ ਵਿਦਿਆਰਥਣਾਂ ਲਈ 'ਸ਼ਿੰਗਾਰ ਤੀਆਂ ਦਾ' ਅਤੇ 'ਸੈਲਫ ਮੇਕ ਅੱਪ' ਮੁਕਾਬਲੇ ਰੱਖੇ ਗਏ ਸਨ। 'ਸ਼ਿੰਗਾਰ ਤੀਆਂ ਦਾ' ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਮੁਖੀ ਸਰਬਜੀਤ ਕੌਰ, ਅਧਿਆਪਕਾ ਦਮਨਪ੍ਰੀਤ ਕੌਰ,ਕਰਮਜੀਤ ਕੌਰ ਅਤੇ ਐਨਕਮਲ ਜੋਤ ਕੌਰ ਨੇ ਨਿਭਾਈ। ਸ਼ਿੰਗਾਰ ਤੀਆਂ ਦੇ ਮੁਕਾਬਲੇ ਵਿੱਚ ਪੰਜਾਬਣਾਂ ਦੀ ਸੱਭਿਆਚਾਰ ਪ੍ਰਤੀ ਜਾਣਕਾਰੀ ਪਰਖਣ ਲਈ ਤਿੰਨ ਰਾਊਂਡ ਰੱਖੇ ਗਏ। ਪਹਿਲੇ ਰਾਊਂਡ ਵਿੱਚ ਵਿਦਿਆਰਥਣਾਂ ਦੀ ਤੋਰ ਅਤੇ ਆਤਮ ਵਿਸ਼ਵਾਸ ਨੂੰ ਪਰਖਿਆ ਗਿਆ। ਦੂਸਰੇ ਰਾਊਂਡ ਵਿੱਚ ਉਹਨਾਂ ਨੂੰ ਵੱਖ-ਵੱਖ ਸ਼ਬਦਾਂ ਤੇ ਬੋਲੀਆਂ ਪਾਉਣ ਨੂੰ ਕਿਹਾ ਗਿਆ ਅਤੇ ਤੀਸਰੇ ਰਾਊਂਡ ਵਿੱਚ ਸੱਭਿਆਚਾਰ ਪ੍ਰਤੀ ਪ੍ਰਸ਼ਨ ਪੁੱਛੇ ਗਏ। ਇਸ ਮੁਕਾਬਲੇ ਵਿੱਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਜੇਤੂ ਰਹੀ ।ਸੈਲਫ ਮੇਕ ਅੱਪ ਮੁਕਾਬਲੇ ਵਿੱਚ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਜੇਤੂ ਰਹੀ। ਇਸ ਮੁਕਾਬਲੇ ਵਿੱਚ ਬਿਊਟੀ ਵੈਲਨੈੱਸ ਵਿਸ਼ੇ ਦੇ ਅਧਿਆਪਕਾਂ ਹੇਮਾ ਰਾਣੀ ਅਤੇ ਜਸਪ੍ਰੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਦੇ ਲੋਕ ਗੀਤਾਂ ਤੇ ਨਾਚ ਪੇਸ਼ ਕੀਤਾ। ਬਾਰਵੀਂ ਜਮਾਤ ਦੀ ਵਿਦਿਆਰਥਣ ਤਜਿੰਦਰ ਕੌਰ ਨੇ ਆਪਣੀ ਦਿਲ ਟੁੰਬਵੀਂ ਆਵਾਜ਼ ਵਿੱਚ ਗੀਤ ਗਾ ਕੇ ਵੀ ਸਭ ਦਾ ਮਨ ਮੋਹ ਲਿਆ।ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਸੀਮਾ ਸ਼ਰਮਾ ਨੇ ਬਾਖ਼ੂਬੀ ਨਿਭਾਈ। ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੋਨੋਂ ਮੁਕਾਬਲੇ ਦੇ ਜੱਜਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਐਕਟੀਵਿਟੀ ਕੋਆਰਡੀਨੇਟਰ ਮੈਡਮ ਜਸਪ੍ਰੀਤ ਕੌਰ ਦਾ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।


