ਪ੍ਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਵਿਖੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ

ਮੋਗਾ, 13 ਦਸੰਬਰ,(Jashan)
ਪੰਜਾਬ ਸਿੱਖਿਆ ਵਿਭਾਗ ਅਤੇ ਸਟੇਟ ਕੌਂਸਲ ਫਾਰ ਐਜ਼ੂਕੇਸ਼ਨਲ ਰਿਸਰਚ ਅਤੇ ਟਰੇਨਿੰਗ ਪੰਜਾਬ ਦੀਆਂ ਹਦਾਇਤਾਂ ਅਤੇ ਪ੍ਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਅੱਜ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਜ਼ਿਲ੍ਹਾ ਮੋਗਾ ਵਿਖੇ ਸਮਾਇਲ ਵੋਮੈਨ ਫਾਊਂਡੇਸ਼ਨ ਮੋਗਾ ਦੇ ਸਹਿਯੋਗ ਨਾਲ ਸਿਹਤ ਸੰਭਾਲ ਸੈਮੀਨਾਰ ਅਤੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ  ਵਿੱਚ ਜਿਲ੍ਹਾ ਮੋਗਾ ਦੇ ਪ੍ਰਸਿੱਧ ਦੰਦਾਂ ਦੇ ਡਾਕਟਰ ਅਮੀਸ਼ਾ ਸਿੰਗਲਾ, ਡਾਕਟਰ ਰਿੰਪਲ ਬਾਂਸਲ, ਡਾਕਟਰ ਮੀਤਾ ਚਾਟਲੇ ਨੇ ਬੱਚਿਆਂ ਦੇ ਦੰਦਾਂ ਦਾ ਚੈੱਕਅਪ ਕਰ ਕੇ ਉਹਨਾਂ ਨੂੰ ਦੰਦਾਂ ਦੀ ਸਾਂਭ ਸੰਭਾਲ ਕਰਨ ਬਾਰੇ ਦੱਸਿਆ। ਜਿਹੜੇ ਵਿਦਿਆਰਥੀਆ ਦੇ ਦੰਦ ਖਰਾਬ ਸਨ, ਉਹਨਾਂ ਨੂੰ ਮੁਫਤ ਇਲਾਜ ਕਰਵਾਉਣ ਲਈ ਕਲੀਨਿਕ ਵਿਚ ਆਉਣ ਲਈ ਕਿਹਾ। ਉਹਨਾਂ ਨੇ  ਬੱਚਿਆਂ ਨੂੰ ਆਪਣੇ ਅਨੋਖੇ ਅੰਦਾਜ਼ ਨਾਲ  ਦੰਦਾਂ ਅਤੇ ਸਿਹਤ ਸੰਭਾਲ ਲਈ ਪ੍ਰੇਰਿਤ ਕੀਤਾ।
ਸਮਾਇਲ ਵੋਮੈਨ ਫਾਊਂਡੇਸ਼ਨ ਮੋਗਾ ਦੇ ਚੈਅਰਪਰਸਨ ਡਾ ਨੀਨਾ ਗਰਗ ਵਲੋਂ ਵਿਦਿਆਰਥੀਆ ਨੂੰ  ਸਾਫ-ਸਫਾਈ ਦੀਆਂ ਆਦਤਾਂ ਬਾਰੇ ਦੱਸਿਆ, ਆਪਣੇ ਦਿਲਚਸਪ ਅੰਦਾਜ਼ ਨਾਲ ਉਹਨਾਂ ਨੇ ਬੱਚਿਆਂ ਤੋਂ ਸਫਾਈ ਨਾਲ ਸੰਬੰਧਿਤ ਕੁਝ ਪ੍ਰਸ਼ਨ ਵੀ ਪੁੱਛੇ ਜਿਹਨਾਂ ਦੇ ਜਵਾਬ ਵਿਦਿਆਰਥੀਆ ਨੇ ਬੜੀ ਕੁਸ਼ਲਤਾ ਨਾਲ ਦਿੱਤੇ। ਸਮਾਇਲ ਵੋਮੈਨ ਫਾਊਂਡੇਸ਼ਨ ਮੋਗਾ ਦੇ ਸਹਿਯੋਗ ਨਾਲ ਸਾਰੇ ਸਕੂਲ ਦੇ 350 ਦੇ ਕਰੀਬ  ਵਿਦਿਆਰਥੀਆ ਨੂੰ ਦੰਦ ਸਾਫ ਕਰਨ ਲਈ ਬਰੁਸ਼,ਪੇਸਟ ਦਿੱਤੇ ਗਏ। ਸਕੂਲ ਇੰਚਾਰਜ ਗੁਰਜੀਤ ਕੌਰ ਨੇ ਡਾਕਟਰਾਂ ਅਤੇ ਐਨ.ਜੀ. ਓ ਦੇ ਸਾਰੇ ਮੈਂਬਰ ਦਾ ਧੰਨਵਾਦ ਕੀਤਾ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਆਏ। ਇਸ ਕੈਂਪ ਵਿੱਚ ਪਿੰਡ ਦੇ ਸਰਕਾਰ ਪੱਤੀ ਦੇ ਸਰਪੰਚ ਕਰਮਜੀਤ ਕੌਰ ਅਤੇ ਐੱਸ ਐਮ ਸੀ ਕਮੇਟੀ ਦੇ ਚੈਅਰਮੈਨ ਸਰਬਜੀਤ ਕੌਰ ਨੇ ਵੀ ਸ਼ਿਰਕਤ ਕੀਤੀ।
ਅੰਤ ਵਿੱਚ ਸਰਪੰਚ, ਡਾਕਟਰਾਂ ਤੇ ਐਨ ਜੀ ਓ ਦੇ ਸਾਰੇ ਮੈਂਬਰਾਂ ਨੂੰ ਬੂਟੇ ਅਤੇ ਮਿਸ਼ਨ ਤੰਦਰੁਸਤ ਦੀ ਟਰਾਫੀ ਦੇ  ਕੇ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੇ ਆਖਿਰ ਵਿਚ ਬੱਚਿਆਂ ਨੂੰ ਖਾਣ ਲਈ ਬਿਸਕੁਟ ਵੀ ਦਿੱਤੇ ਗਏ।
ਇਸ ਸਾਰੇ ਪ੍ਰੋਗਰਾਮ ਨੂੰ ਮਿਸ਼ਨ ਤੰਦਰੁਸਤ ਨੋਡਲ ਇੰਚਾਰਜ ਨੀਲਮ ਰਾਣੀ ਅਤੇ ਮਿਸ਼ਨ ਤੰਦਰੁਸਤ ਦੇ ਟੀਮ ਮੈਂਬਰ ਲੈਕਚਰਾਰ ਜਤਿੰਦਰਪਾਲ ਸਿੰਘ, ਹਰਜੀਤ ਕੌਰ, ਪਲਕ ਗੁਪਤਾ,  ਗੁਰਦੀਪ ਸਿੰਘ ਅਤੇ ਸਾਰੇ ਹੀ ਸਟਾਫ ਦੇ ਸਹਿਯੋਗ ਨਾਲ ਬਹੁਤ ਅੱਛੇ ਤਰੀਕੇ ਨਾਲ ਸੰਪੰਨ ਕੀਤਾ ਗਿਆ। ਨੀਲਮ ਰਾਣੀ ਤੇ ਵਿਦਿਆਰਥੀਆਂ ਵੱਲੋਂ ਮਿਸ਼ਨ ਤੰਦਰੁਸਤ ਦੀ ਬਣਾਈ ਰੰਗੋਲੀ ਖਿੱਚ ਦਾ ਕੇਂਦਰ ਰਹੀ।