ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਵਿਦਿਆਰਥੀਆਂ ਨੇ ‘ਮਨੁੱਖੀ ਅਧਿਕਾਰ ਦਿਵਸ’ ਮੌਕੇ ਚਾਰਟ ਤੇ ਆਰਟੀਕਲ ਪੇਸ਼ ਕੀਤੇ
ਮੋਗਾ, 10 ਦਸੰਬਰ (Jashan)ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅੱਜ ਸਕੂਲ ਵਿੱਚ ‘ਮਨੁੱਖੀ ਅਧਿਕਾਰ ਦਿਵਸ’ ਵਿਸ਼ੇ ਤੇ ਚਰਚਾ ਕੀਤੀ ਗਈ ਅਤੇ ਇਸ ਸਬੰਧੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਵਿਦਿਆਰਥੀਆਂ ਨੇ ਚਾਰਟ ਅਤੇ ਆਰਟੀਕਲ ਰਾਹੀਂ ਦੱਸਿਆ ਕਿ ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਅਧਿਕਾਰਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਜੋ ਜਾਤ, ਧਰਮ, ਲੰਿਗ ਅਤੇ ਭਾਸ਼ਾ ਦੇ ਵਿਤਕਰੇ ਤੋਂ ਬਿਨਾਂ ਹਰ ਕੋਈ ਹੱਕਦਾਰ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ 1948 ਵਿੱਚ ਮਨੁੱਖੀ ਅਧਿਕਾਰਾਂ ਦਾ ਵਿਸ਼ਵਵਿਆਪੀ ਘੋਸ਼ਣਾ ਪੱਤਰ ਅਪਣਾਇਆ ਗਿਆ ਸੀ। ਮਨੁੱਖੀ ਅਧਿਕਾਰਾਂ ਦਾ ਵਿਸ਼ਾ ਸਮਾਨਤਾ ਅਤੇ ਮਨੁੱਖੀ ਅਧਿਕਾਰਾਂ ਦੇ ਵਿਸ਼ਵ-ਵਿਆਪੀ ਘੋਸ਼ਣਾ ਪੱਤਰ ਦੇ ਆਰਟੀਕਲ 1 ਨਾਲ ਸਬੰਧਤ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਮਨੁੱਖ ਆਜ਼ਾਦੀ, ਸਨਮਾਨ ਅਤੇ ਅਧਿਕਾਰਾਂ ਵਿੱਚ ਬਰਾਬਰ ਪੈਦਾ ਹੁੰਦੇ ਹਨ। ਸਮਾਨਤਾ ਅਤੇ ਗੈਰ-ਵਿਤਕਰੇ ਦੇ ਸਿਧਾਂਤ ਮਨੁੱਖੀ ਅਧਿਕਾਰਾਂ ਦੇ ਕੇਂਦਰ ਵਿੱਚ ਹਨ। ਇੱਕ ਬਿਹਤਰ ਅਤੇ ਨਿਰਪੱਖ ਸੰਸਾਰ ਦਾ ਨਿਰਮਾਣ ਕਰਨਾ ਇਸ ਦਿਨ ਦੀ ਮੁੱਖ ਧਾਰਨਾ ਹੈ। ਮਹਾਂਮਾਰੀ ਦੇ ਕਾਰਨ, ਸਮਾਜ ਨੂੰ ਬਹੁਤ ਸਾਰੇ ਮੁੱਦਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਨੇ ਗਰੀਬੀ ਅਤੇ ਅਸਮਾਨਤਾਵਾਂ ਵਿੱਚ ਵਾਧਾ ਕੀਤਾ ਹੈੈ। ਮਨੁੱਖੀ ਅਧਿਕਾਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕਾਨੂੰਨਾਂ ਦੁਆਰਾ ਸੁਰੱਖਿਅਤ ਹਨ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤ ਵਿੱਚ, ਮਨੁੱਖੀ ਅਧਿਕਾਰਾਂ ਲਈ ਇੱਕ ਵੱਖਰਾ ਢਾਂਚਾ ਹੈ। ਭਾਰਤੀ ਸੰਵੀਧਾਨ ਵਿੱਚ ਮਨੁੱਖਾਂ ਲਈ ਛੇ ਬੁਨਿਆਦੀ ਅਧਿਕਾਰ ਦਿੱਤੇ ਗਏ ਹਨ ਪਹਿਲਾ ਬਰਾਬਰੀ ਦਾ ਅਧਿਕਾਰ ਜੋ ਸਾਰੇ ਨਾਗਰਿਕਾਂ ਲਈ ਬਰਾਬਰ ਅਧਿਕਾਰਾਂ ਨੂੰ ਯਕੀਨੀ ਬਣਾਉਂਦਾ ਹੈ। ਦੂਸਰਾ ਆਜ਼ਾਦੀ ਦਾ ਅਧਿਕਾਰ ਜੋ ਬੋਲਣ ਦੀ ਆਜ਼ਾਦੀ, ਪ੍ਰਗਟਾਵੇ ਦੀ ਆਜ਼ਾਦੀ, ਹਥਿਆਰਾਂ ਤੋਂ ਬਿਨਾਂ ਇਕੱਠੇ ਹੋਣ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ, ਤੀਸਰਾ ਸ਼ੋਸ਼ਣ ਦੇ ਖਿਲਾਫ ਅਧਿਕਾਰ ਜੋ ਬਾਲ-ਮਜ਼ਦੂਰੀ, ਜਬਰੀ ਮਜ਼ਦੂਰੀ, ਮਨੁੱਖੀ ਤਸਕਰੀ ਦੀ ਨਿਖੇਧੀ ਕਰਦਾ ਹੈ, ਚੌਥਾ ਧਰਮ ਦੀ ਆਜ਼ਾਦੀ ਦਾ ਅਧਿਕਾਰ ਜੋ ਧਾਰਮਿਕ ਆਜ਼ਾਦੀ ਦੀ ਗਰੰਟੀ ਦਿੰਦਾ ਹੈ ਅਤੇ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ਇਸ ਧਾਰਾ ਦਾ ਹਿੱਸਾ ਹੈ, ਪੰਜਵਾਂ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਵੱਖ-ਵੱਖ ਸੱਭਿਆਚਾਰਕ, ਧਰਮਾਂ ਅਤੇ ਭਾਸ਼ਾਈ ਵਿਰਾਸਤ ਦੀ ਸੰਭਾਲ ਨੂੰ ਯਕੀਨੀ ਬਣਾਉਂਦੇ ਹਨ ਅਤੇ ਛੇਵਾਂ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਜੋ ਨਾਗਰਿਕਾਂ ਲਈ ਹੈ ਜਿੱਥੇ ਉਹ ਆਪਣੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਭਾਰਤ ਦੀ ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦੇ ਹਨ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਸਮਾਜ ਦੀ ਬਣਤਰ ਨੂੰ ਸੰਤੁਲਿਤ ਬਣਾਏ ਰੱਖਣ ਲਈ ਇਹ ਮਨੁੱਖੀ ਅਧਿਕਾਰ ਬਹੁਤ ਜ਼ਰੂਰੀ ਹਨ ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਇਹਨਾਂ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। ਕਿਸੇ ਦੇ ਵੀ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਉਹਨਾਂ ਗੱਲਬਾਤ ਕਰਦਿਆ ਕਿਹਾ ਕਿ ਸਕੂਲ ਵਿੱਚ ਅਕਸਰ ਇਸ ਤਰਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੁਕ ਕੀਤਾ ਜਾ ਸਕੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।