ਡਿਪਟੀ ਕਮਿਸ਼ਨਰ ਵੱਲੋਂ 2 ਉਦਯੋਗਿਕ ਇਕਾਈਆਂ ਨੂੰ ਸਰਟੀਫਿਕੇਟ ਆਫ ਇੰਨ ਪ੍ਰਿੰਸੀਪਲ ਅਪਰੂਵਲ ਜਾਰੀ
----- ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਵੱਧ ਤੋਂ ਵੱਧ ਨਿਵੇਸ਼ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ - ਡਿਪਟੀ ਕਮਿਸ਼ਨਰ----
ਮੋਗਾ, 24 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) :
ਜਿ਼ਲ੍ਹਾ ਮੋਗਾ ਵਿੱਚ ਉਦਯੋਗਾਂ ਦੇ ਪਸਾਰ ਅਤੇ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਵਿਸ਼ੇਸ਼ ਸਾਰੰਗਲ (ਆਈ.ਏ.ਐਸ) ਨੇ ਅੱਜ ਰਾਈਟ ਟੂ ਬਿਜਨਸ ਐਕਟ 2020 ਤਹਿਤ ਆਈਆਂ ਅਰਜੀਆਂ ਦੇ ਨਿਪਟਾਰੇ ਲਈ ਕਮੇਟੀ ਦੀ ਮੀਟਿੰਗ ਬੁਲਾਈ, ਜਿਸ ਵਿੱਚ 2 ਉਦਯੋਗਿਕ ਇਕਾਈਆਂ ਨੂੰ ਵਿਚਾਰਨ ਉਪਰੰਤ ਪ੍ਰਵਾਨਗੀ ਦੇ ਦਿੱਤੀ ਗਈ ਹੈ।ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂ ਮਿਤਾ, ਜਿ਼ਲ੍ਹਾ ਮਾਲ ਅਫ਼ਸਰ ਲੋਕੇਸ਼ ਗੁਪਤਾ ਅਤੇ ਨਿਰਮਲ ਸਿੰਘ ਫੰਕਸ਼ਨ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਵੀ ਮੌਜੂਦ ਸਨ।
ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਵੱਧ ਤੋਂ ਵੱਧ ਨਿਵੇਸ਼ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਐਕਟ ਅਧੀਨ ਜਿ਼ਲ੍ਹਾ ਮੋਗਾ ਵਿਖੇ ਉਦਯੋਗ ਵਿਭਾਗ ਦੇ ਆਨ-ਲਾਈਨ ਪੋਰਟਲ ਰਾਹੀਂ ਨਵੇਂ ਉਦਯੋਗ ਸਥਾਪਿਤ ਕਰਨ ਵਾਲੀਆਂ ਵੱਖ-ਵੱਖ ਇਕਾਈਆਂ ਜਿਨ੍ਹਾਂ ਵਿਚੋਂ ਰਾਈਸ ਸੈਲਰ ਦੀਆਂ 2 ਉਦਯੋਗਿਕ ਇਕਾਈਆਂ ਨੂੰ ਸਰਟੀਫਿਕੇਟ ਆਫ ਇੰਨ ਪ੍ਰਿੰਸੀਪਲ ਅਪਰੂਵਲ ਜਾਰੀ ਕਰਕੇ ਆਨਲਾਈਨ ਪੋਰਟਲ ਰਾਹੀਂ ਹੀ ਬਣਦੀ ਫੀਸ ਜਮ੍ਹਾਂ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਇਸ ਐਕਟ ਦੀ ਪ੍ਰੋਵੀਜ਼ਨ ਅਨੁਸਾਰ ਇਹ ਸਾਰਿਆਂ ਲਈ ਇੰਨ ਪ੍ਰਿੰਸੀਪਲ ਅਪਰੂਵਲ ਇੰਡਸਟ੍ਰੀਅਲ ਫੋਕਲ ਪੁਆਇੰਟ ਵਿਚ 03 ਦਿਨ ਅਤੇ ਫੋਕਲ ਪੁਆਇੰਟ ਤੋਂ ਬਾਹਰ 15 ਦਿਨਾਂ ਦੇ ਵਿਚ ਦੇਣੀ ਹੁੰਦੀ ਹੈ, ਜਿਸ ਅਨੁਸਾਰ ਇਕਾਈ ਨੂੰ ਸਾਢੇ 3 ਸਾਲ ਦਾ ਸਮਾਂ ਮਿਲ ਜਾਂਦਾ ਹੈ, ਜਿਸ ਨਾਲ ਉਹ ਨਕਸ਼ਾ ਪ੍ਰਵਾਨ ਪਾਸ ਕਰਵਾਏ ਬਿਨ੍ਹਾਂ ਹੀ ਉਸਾਰੀ ਦਾ ਕੰਮ ਸ਼ੁਰੂ ਕਰਾ ਸਕਦਾ ਹੈ। ਇਸ ਵਿੱਚ ਨਿਵੇਸ਼ਕਾਂ ਨੂੰ ਸਰਕਾਰ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਮੰਨਣ ਸਬੰਧੀ ਅੰਡਰਟੇਕਿੰਗ ਵੀ ਦੇਣੀ ਲਾਜ਼ਮੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਗਰੀਨ ਸਟੈਂਪ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਅਤੇ ਇੰਨਬਿਲਟ ਸੀ ਐਲ ਯੂ ਵੀ ਵਿੱਚ ਲੱਗਿਆ ਹੁੰਦਾ ਹੈ ਜੋ ਕਿ ਉਦਯੋਗਪਤੀਆਂ ਲੈਣਾ ਚਾਹੀਦਾ ਹੈ।
ਇਸ ਮੌਕੇ ਫੰਕਸ਼ਨ ਮੈਨੇਜਰ, ਜਿ਼ਲ੍ਹਾ ਉਦਯੋਗ ਕੇਂਦਰ ਨੇ ਦੱਸਿਆ ਕਿ ਜਿਲ੍ਹਾ ਮੋਗਾ ਵਿਖੇ ਕੋਈ ਵੀ ਉਦਯੋਗ ਸਥਾਪਿਤ ਕਰਨ ਲਈ ਜਾਂ ਮਿਲਣ ਵਾਲੀਆਂ ਸਹੂਲਤਾਂ ਲਈ ਜਾਣਕਾਰੀ ਲੈਣੀ ਹੋਵੇ ਤਾਂ ਦਫ਼ਤਰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਫੋਕਲ ਪੁਆਇੰਟ ਮੋਗਾ ਵਿਖੇ ਦੌਰਾ ਕੀਤਾ ਜਾ ਸਕਦਾ ਹੈ ਜਾਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਿਜਨਸ ਫਸਟ ਪੋਰਟਲ .. ਤੇ ਜਾ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਆਪਣੀ ਜਰੂਰਤ (ਸਰਵਿਸ ਜਾਂ ਰੈਗੂਲੇਟਰੀ) ਅਨੁਸਾਰ ਆਨ-ਲਾਈਨ ਅਪਲਾਈ ਕਰ ਸਕਦੇ ਹਨ ਅਤੇ ਨਿਰਧਾਰਤ ਸਮੇਂ ਅੰਦਰ ਲਾਭ ਲੈ ਸਕਦੇ ਹਨ।
ਇਸ ਮੌਕੇ ਸੰਦੀਪ ਕੁਮਾਰ ਜਿਲ੍ਹਾ ਨਗਰ ਯੋਜਨਾ ਬੋਰਡ, ਗੁਰਮੇਲ ਸਿੰਘ ਫਾਇਰ ਅਫਸਰ, ਸ਼ਮਸ਼ੇਰ ਸਿੰਘ ਪੀ.ਪੀ.ਸੀ.ਬੀ., ਸਿ਼ਵ ਕਰਨ ਸੁਪਰਡੰਟ ਜਿ਼ਲ੍ਹਾ ਉਦਯੋਗ ਕੇਂਦਰ ਮੋਗਾ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਦੇ ਨੁਮਾਇੰਦੇ ਆਦਿ ਹਾਜ਼ਰ ਸਨ।