ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ‘ਰਾਸ਼ਟਰੀ ਪੁਲਿਸ ਯਾਦਗਾਰੀ ਦਿਵਸ’ ਮੌਕੇ ਸ਼ਹੀਦ ਹੋਏ ਪੁਲਿਸ ਦੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਮੋਗਾ, 21 ਅਕਤੂਬਰ  ( ਜਸ਼ਨ, ਸਟਰਿੰਗਰ ਦੂਰਦਰਸ਼ਨ ) :ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅੱਜ ਸਕੂਲ ਵਿੱਚ ‘ਰਾਸ਼ਟਰੀ ਪੁਲਿਸ ਯਾਦਗਾਰੀ ਦਿਵਸ’ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਚਾਰਟ ਅਤੇ ਆਰਟੀਕਲ ਰਾਹੀਂ ਇਸ ਦਿਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ‘ਰਾਸ਼ਟਰੀ ਪੁਲਿਸ ਯਾਦਗਾਰੀ ਦਿਵਸ’ ਹਰ ਸਾਲ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਪੁਲਿਸ ਬਲਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੇਸ਼ ਲਈ ਲੜਦਿਆਂ ਆਪਣੀਆਂ ਜਾਨਾਂ ਗੁਆਉਣ ਵਾਲੇ ਸ਼ਹੀਦ ਪੁਲਿਸ ਬਲਾਂ ਦੇ ਜਜ਼ਬੇ ਨੂੰ ਸਲਾਮ ਕਰਨ ਲਈ ਮਨਾਇਆ ਜਾਂਦਾ ਹੈ। ਇਹ ਉਹਨਾਂ ਪੁਲਿਸ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਅਤੇ ਉਹਨਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ ਜੋ ਆਪਣੀ ਡਿਊਟੀ ਪੂਰੀ ਲਗਨ ਨਾਲ ਨਿਭਾਉਂਦੇ ਹਨ। ਇਸ ਦਿਨ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਦੱਸਿਆ ਕਿ 21 ਅਕਤੂਬਰ, 1959 ਨੂੰ, ਚੀਨੀ ਸੈਨਿਕਾਂ ਦੁਆਰਾ ਲੱਦਾਖ ਦੇ ਨੇੜੇ ਹਾਟ ਸਪ੍ਰਿੰਗਜ਼ ਖੇਤਰ ਵਿੱਚ ਸੈਨਿਕਾਂ ਵਿਚਕਾਰ ਬਹਿਸ ਤੋਂ ਬਾਅਦ ਇੱਕ ਹਮਲੇ ਦੌਰਾਨ 10 ਭਾਰਤੀ ਸੀ.ਆਰ.ਪੀ.ਐੱਫ. ਦੇ ਜਵਾਨ ਮਾਰੇ ਗਏ ਸਨ। ਇਹ ਘਟਨਾ 20 ਅਕਤੂਬਰ, 1959 ਨੂੰ ਸ਼ੁਰੂ ਹੋਈ, ਜਦੋਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਭਾਰਤ ਅਤੇ ਤਿੱਬਤ ਵਿਚਕਾਰ ਸਰਹੱਦ 'ਤੇ ਗਸ਼ਤ ਕਰ ਰਿਹਾ ਸੀ। ਸੀ.ਆਰ.ਪੀ.ਐਫ ਦੀ ਤੀਜੀ ਬਟਾਲੀਅਨ ਦੀਆਂ ਤਿੰਨ ਯੂਨਿਟਾਂ ਨੂੰ ਹੌਟ ਸਪ੍ਰਿੰਗਜ਼ ਵਜੋਂ ਜਾਣੇ ਜਾਂਦੇ ਸਥਾਨ 'ਤੇ ਵੱਖਰੀ ਗਸ਼ਤ 'ਤੇ ਭੇਜਿਆ ਗਿਆ ਸੀ। ਹਾਲਾਂਕਿ, ਤਿੰਨ ਦਲਾਂ ਵਿੱਚੋਂ ਇੱਕ ਦਲ ਵਾਪਸ ਨਹੀਂ ਆਇਆ। 21 ਅਕਤੂਬਰ ਨੂੰ, ਇੱਕ ਨਵੀਂ ਟੁਕੜੀ ਡੀ.ਸੀ.ਆਈ.ਓ. ਕਰਮ ਸਿੰਘ ਦੀ ਅਗਵਾਈ ਵਿੱਚ ਗੁੰਮ ਹੋਈ ਫੌਜ ਦੀ ਭਾਲ ਲਈ ਲਾਮਬੰਦ ਕੀਤੀ ਗਈ। ਜਦੋਂ ਉਹ ਲੱਦਾਖ ਵਿੱਚ ਇੱਕ ਪਹਾੜੀ ਦੇ ਨੇੜੇ ਪਹੁੰਚੇ ਤਾਂ ਚੀਨੀ ਫੌਜ ਨੇ ਭਾਰਤੀ ਸੈਨਿਕਾਂ 'ਤੇ ਗੋਲੀਬਾਰੀ ਕਰ ਦਿੱਤੀ। ਸੱਤ ਭਾਰਤੀ ਪੁਲਿਸ ਅਫਸਰਾਂ ਨੂੰ ਚੀਨੀਆਂ ਨੇ ਕੈਦੀ ਬਣਾ ਲਿਆ ਸੀ ਅਤੇ ਉਨ੍ਹਾਂ ਵਿਚੋਂ ਦਸ ਡਿਊਟੀ ਦੌਰਾਨ ਮਾਰੇ ਗਏ ਸਨ। ਜਨਵਰੀ 1960 ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੁਲਿਸ ਇੰਸਪੈਕਟਰ ਜਨਰਲਾਂ ਦੀ ਸਾਲਾਨਾ ਕਾਨਫਰੰਸ ਵਿੱਚ ਕੀਤੇ ਗਏ ਇੱਕ ਮਤੇ ਦੇ ਨਤੀਜੇ ਵਜੋਂ, 21 ਅਕਤੂਬਰ ਨੂੰ ਹੁਣ ਪੁਲਿਸ ਯਾਦਗਾਰੀ ਦਿਵਸ ਜਾਂ ਸ਼ਹੀਦ ਦਿਵਸ ਵਜੋਂ ਮਾਨਤਾ ਦਿੱਤੀ ਗਈ ਹੈ। 2012 ਤੋਂ ਹਰ ਸਾਲ 21 ਅਕਤੂਬਰ ਨੂੰ ਚਾਣਕਿਆਪੁਰੀ, ਦਿੱਲੀ ਵਿੱਚ ਪੁਲਿਸ ਮੈਮੋਰੀਅਲ ਵਿਖੇ ਇੱਕ ਖਾਸ ਪਰੇਡ ਆਯੋਜਿਤ ਕੀਤੀ ਜਾਂਦੀ ਹੈ। ਅੁਹਨਾਂ ਅੱਗੇ ਕਿਹਾ ਕਿ ਰਾਸ਼ਟਰੀ ਪੁਲਿਸ ਯਾਦਗਾਰੀ ਦਿਵਸ ਦੇ ਮੌਕੇ 'ਤੇ ਅਸੀਂ ਮਿਹਨਤੀ, ਬਹਾਦਰ ਅਤੇ ਪ੍ਰਤੀਬੱਧ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹਾਂ। ਉਹਨਾਂ ਅੱਗੇ ਕਿਹਾ ਕਿ ਸਾਡਾ ਝੰਡਾ ਇਸ ਲਈ ਨਹੀਂ ਲਹਿਰਾਉਂਦਾ ਕਿਉਂਕਿ ਹਵਾ ਇਸਨੂੰ ਲਹਿਰਾਉਂਦੀ ਹੈ, ਇਹ ਹਰ ਸਿਪਾਹੀ ਦੇ ਆਖਰੀ ਸਾਹ ਨਾਲ ਲਹਿਰਾਉਂਦਾ ਹੈ ਜੋ ਇਸਦੀ ਰੱਖਿਆ ਕਰਦੇ ਹੋਏ ਸ਼ਹੀਦ ਹੁੰਦਾ ਹੈ। ਇਸ ਮੌਕੇ ਸਮੂਹ ਸਟਾਫæ ਅਤੇ ਵਿਦਿਆਰਥੀ ਮੌਜੂਦ ਸਨ।