ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ 'ਬਿਊਟੀ ਐਂਡ ਵੈਲਨੈੱਸ' ਸਕਿੱਲ ਵਿਸ਼ੇ ਦੀਆਂ ਵਿਦਿਆਰਥਣਾਂ ਨੇ ਕਰਵਾਚੌਥ ਦੇ ਮੌਕੇ ਅਧਿਆਪਕਾਂ ਨੂੰ ਵੱਖ -ਵੱਖ ਸੇਵਾਵਾਂ ਦਿੱਤੀਆਂ
ਮੋਗਾ, 20 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) : ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਐਕਟੀਵਿਟੀ ਕੁਆਰਡੀਨੇਟਰ ਜਸਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਿਊਟੀ ਐਂਡ ਵੈਲਨੈਸ ਵਿਸ਼ੇ ਦੀਆਂ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਦੀ ਅਗਵਾਈ ਵਿੱਚ ਕਰਵਾਚੌਥ ਦੇ ਤਿਉਹਾਰ ਮੌਕੇ ਅਧਿਆਪਕਾਂ ਲਈ ਵੱਖ-ਵੱਖ ਸੇਵਾਵਾਂ ਦਾ ਆਯੋਜਨ ਕੀਤਾ ਜਿਸ ਦੇ ਅੰਤਰਗਤ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਨੂੰ ਮਹਿੰਦੀ, ਨੇਲ ਆਰਟ, ਫੇਸ਼ੀਅਲ, ਵੈਕਸ, ਮੈਨੀਕਿਓਰ ਤੇ ਪੈਡੀਕਿਓਰ ਆਦਿ ਸੇਵਾਵਾਂ ਦਿੱਤੀਆਂ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਅੱਜ ਦਾ ਸਮਾਂ ਵਿਦਿਆਰਥੀਆਂ ਵਿੱਚ ਵੱਖ-ਵੱਖ ਹੁਨਰਾਂ ਦੇ ਵਿਕਾਸ ਕਰਨ ਦਾ ਸਮਾਂ ਹੈ ਤਾਂ ਜੋ ਬੱਚੇ ਆਪਣੇ ਭਵਿੱਖ ਵਿੱਚ ਰੁਜ਼ਗਾਰ ਲਈ ਵੀ ਤਿਆਰ ਹੋ ਸਕਣ। ਸਕੂਲ ਵਿੱਚ ਪਹਿਲਾਂ ਤੋਂ ਹੀ ਵੱਖ- ਵੱਖ ਹੁਨਰਾਂ ਦੇ ਨਾਲ ਸੰਬੰਧਿਤ ਕੋਰਸ (ਬਿਊਟੀ ਐਂਡ ਵੈਲਨੈਸ, ਫਿਜੀਕਲ ਟਰੇਨਰ, ਫੂਡ ਐਂਡ ਡਾਇਟਿਕ, ਇੰਨਫਰਮੇਸ਼ਨ ਟੈਕਨੋਲਜੀ) ਸ਼ੁਰੂ ਕੀਤੇ ਗਏ ਹਨ ਤਾਂ ਜੋ ਵਿਦਿਆਰਥੀ ਸ਼ੁਰੂ ਤੋਂ ਹੀ ਆਪਣੀ ਰੁਚੀ ਅਨੁਸਾਰ ਕੋਰਸ ਲੈ ਸਕਣ ਤੇ ਆਪਣੇ ਭਵਿੱਖ ਲਈ ਯੋਜਨਾ ਬੰਦੀ ਕਰ ਸਕਣ। ਸਾਰੇ ਅਧਿਆਪਕਾਂ ਨੇ ਬਿਊਟੀ ਵੈਲਨੈੱਸ ਵਿਸ਼ੇ ਦੀਆਂ ਵਿਦਿਆਰਥਣਾਂ ਦੇ ਹੁਨਰ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਸਾਰੀਆਂ ਵਿਦਿਆਰਥਣਾਂ ਨੇ ਵੀ ਲਗਨ ਅਤੇ ਤਨ ਦੇਹੀ ਨਾਲ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ।