18 ਦੇ ਗੁਰਮਤਿ ਕੀਰਤਨ ਸਮਾਗਮ ਨੂੰ ਲੈ ਕੇ ਗੁਰੂ ਰਾਮਦਾਸ ਕੀਰਤਨ ਕਮੇਟੀ ਮੋਗਾ ਵਲੋਂ ਮੇਅਰ ਤੇ ਸੰਸਥਾਵਾਂ ਨਾਲ ਵਿਸ਼ੇਸ਼ ਮੀਟਿੰਗ
*ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ, ਗੁਰਪੁਰਬ ਕਮੇਟੀ ਮੋਗਾ ਤੇ ‘ਅਜੀਤ’ ਪ੍ਰਕਾਸ਼ਨ ਸਮੂਹ ਵਲੋਂ ਵਿਸ਼ੇਸ਼ ਸਹਿਯੋਗ
ਮੋਗਾ, 16 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) : ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਮੋਗਾ ਵਲੋਂ ਸ਼ਹਿਰ ਤੇ ਇਲਾਕੇ ਦੀਆਂ ਧਾਰਮਿਕ, ਸਮਾਜ ਸੇਵੀ, ਰਾਜਸੀ ਸੰਸਥਾਵਾਂ ਤੇ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ 490 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰ ਸ਼ਬਦ ਪ੍ਰਚਾਰ ਗੁਰਮਤਿ ਕੀਰਤਨ ਸਮਾਗਮ ਮਿਤੀ 18 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 6:30 ਵਜੇ ਤੋਂ ਰਾਤ 11:30 ਵਜੇ ਤੱਕ ਗੁਰਦੁਆਰਾ ਬੀਬੀ ਕਾਹਨ ਕੌਰ ਨੇੜੇ ਰੇਲਵੇ ਫਾਟਕ ਮੇਨ ਬਾਜ਼ਾਰ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਵਾਲੇ, ਗੁਰਪੁਰਬਸ ਕਮੇਟੀ ਮੋਗਾ ਅਤੇ ‘ਅਜੀਤ’ ਪ੍ਰਕਾਸ਼ਨ ਸਮੂਹ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਅਤੇ ਸ਼ਹਿਰ ਦੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਤਾਂ ਜੋ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ। ਮੇਅਰ ਬਲਜੀਤ ਸਿੰਘ ਚਾਨੀ ਅਤੇ ਸੰਸਥਾਵਾਂ ਤੋ ਪੁੱਜੇ ਨੁਮਾਇੰਦਿਆਂ ਮਨਜੀਤ ਸਿੰਘ ਮਿੰਨੀ ਪ੍ਰਧਾਨ ਗੁਰੂ ਨਾਨਕ ਮੋਦੀਖਾਨਾ, ਗੁਰਪ੍ਰੀਤਮ ਸਿੰਘ ਚੀਮਾ, ਰਣਜੀਤ ਸਿੰਘ ਵਾਲੀਆ ਮਾਲਵਾ ਵਾਲੇ ਨੇ ਆਪਣੇ ਕੀਮਤੀ ਸੁਝਾਅ ਦਿੱਤੇ। ਇਸ ਮੌਕੇ ਬਲਜੀਤ ਸਿੰਘ ਵਿੱਕੀ ਪ੍ਰਧਾਨ, ਸੁਰਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਬੱਬੀ ਪ੍ਰੈਸ ਸਕੱਤਰ ਨੇ ਦੱਸਿਆ ਕਿ ਕੀਰਤਨ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਲਗਪਗ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਸਮਾਗਮ ਵਿਚ ਹਜਾਰਾਂ ਦੀ ਤਦਾਦ ਵਿਚ ਸੰਗਤਾਂ ਸ਼ਮੂਲੀਅਤ ਕਰਕੇ ਗੁਰੂ ਜਸ ਸਰਵਣ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸਮਾਗਮ ਨੂੰ ਲੈ ਕੇ ਸ਼ਹਿਰ ਤੇ ਇਲਾਕੇ ਦੀਆਂ ਸੰਸਥਾਵਾਂ ਦੇ ਨਾਲ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਿੰਡਾਂ ਤੋਂ ਸੰਗਤਾਂ ਲਿਆਉਣ ਅਤੇ ਉਨ੍ਹਾਂ ਨੂੰ ਛੱਡਣ ਦੇ ਵੀ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਮੇਅਰ ਬਲਜੀਤ ਸਿੰਘ ਚਾਨੀ ਨੇ ਆਪਣੇ ਵਲੋਂ ਹਰ ਤਰਾਂ ਦੀ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ ਅਤੇ ਬਤੌਰ ਸਰਪ੍ਰਸਤ ਹੋਣ ਦੇ ਨਾਤੇ ਉਨ੍ਹਾਂ ਸਮਾਗਮ ਦੇ ਪ੍ਰਬੰਧਕਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ 490 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਉਣ ’ਤੇ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਬਬਲੂ, ਬਲਜਿੰਦਰ ਸਿੰਘ ਸਹਿਗਲ ਜਨਰਲ ਸਕੱਤਰ, ਅਜੀਤ ਸਿੰਘ ਮਰਵਾਹਾ ਖਜਾਨਚੀ, ਸਤਨਾਮ ਸਿੰਘ ਬੀ.ਏ. ਕੁਆਰਡੀਨੇਟਰ, ਰਣਜੀਤ ਸਿੰਘ ਵਾਲੀਆ ਮਾਲਵਾ ਵਾਲੇ, ਮਨਜੀਤ ਸਿੰਘ ਮਿੰਦੀ, ਗੁਰਸੇਵਕ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਹਾਜਰ ਸਨ। ਉਨ੍ਹਾਂ ਦੱਸਿਆ ਕਿ ਇਸ ਗੁਰਮਤਿ ਸਮਾਗਮ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ, ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਵਾਲੇ ਲੁਧਿਆਣਾ, ਭਾਈ ਕੰਵਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਪ੍ਰਦੀਪ ਸਿੰਘ ਦਿੱਲੀ ਵਾਲੇ (ਗਾਵਹੁ ਸੱਚੀ ਬਾਣੀ ਪ੍ਰੋਗਰਾਮ ਦੇ ਵਿਜੇਤਾ), ਵਿਦਿਆਰਥੀ ਬਾਬਾ ਸੁੱਚਾ ਸਿੰਘ ਸੰਗੀਤ ਅਕੈਡਮੀ ਜੰਡਿਆਲਾ ਗੁਰੂ ਵਿਸ਼ੇਸ਼ ਤੌਰ ’ਤੇ ਪੁੱਜ ਕੇ ਸੰਗਤਾਂ ਨੂੰ ਕੀਰਤਨ ਤੇ ਗੁਰਬਾਣੀ ਕਥਾ ਵਿਚਾਰਾਂ ਰਾਹੀਂ ਗੁਰੂ ਘਰ ਨਾਲ ਜੋੜਨਗੇ। ਸਮਾਗਮ ਦੌਰਾਨ ਗੁਰੂ ਦਾ ਲੰਗਰ, ਕੌਫ਼ੀ ਦਾ ਲੰਗਰ ਅਤੁੱਟ ਵਰਤੇਗਾ।