ਮਾਨ ਸਰਕਾਰ ਦੀ ਅਣਗਹਿਲੀ ਨੇ ਮੰਡੀਆਂ 'ਚ ਕਿਸਾਨ ਰੋਲੇ, 'ਬੂਹੇ ਆਈ ਜੰਞ, ਵਿੰਨੋ ਕੁੜੀ ਦੇ ਕੰਨ' ਵਾਲਾ ਪੰਜਾਬ ਸਰਕਾਰ ਦਾ ਹਾਲ: ਡਾ. ਹਰਜੋਤ ਕਮਲ

ਮੋਗਾ, 15 ਅਕਤੂਬਰ (ਜਸ਼ਨ ) ਮੋਗਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸੈਕਟਰੀ ਡਾ. ਹਰਜੋਤ ਕਮਲ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਕਰੜੇ ਹੱਥੀ ਲੈਦਿਆਂ ਕਿਹਾ ਕਿ ਕਿਸਾਨਾਂ ਦੀ ਹਮਦਰਦ ਕਹਾਉਣ ਵਾਲੀ ਸਰਕਾਰ ਨੇ ਹਾਲੇ ਤੱਕ ਕਿਸਾਨਾਂ ਦੀ ਮੰਡੀਆਂ ਵਿੱਚ ਪਈ ਫ਼ਸਲ ਦੀ ਸਾਰ ਨਹੀਂ ਲਈ ਹੈ, ਜਿਸ ਕਾਰਨ ਕਿਸਾਨ ਵੀਰ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਹੋ ਗਏ ਹਨ ਅਤੇ ਉਨ੍ਹਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਖਰੀਦ ਹਰ ਸਾਲ ਪਹਿਲੀ ਅਕਤੂਬਰ ਨੂੰ ਸ਼ੁਰੂ ਹੋ ਜਾਂਦੀ ਹੈ ਜੋ ਕਿ ਇਸ ਵਾਰ ਖਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਹਨ ਅਤੇ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਗਏ ਹਨ। ਡਾ. ਹਰਜੋਤ ਕਮਲ ਨੇ ਕਿਹਾ ਕਿ ਬੂਹੇ ਆਈ ਜੰਞ ਵਿੰਨੋ ਕੁੜੇ ਦੇ ਕੰਨ ਵਾਲੀ ਕਹਾਵਤ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਤੇ ਬਿਲਕੁਲ ਢੁਕਦੀ ਹੈ, ਕਿਉਂਕਿ ਤਜੁਰਬੇ ਖੁਣੋ ਸੱਖਣੀ ਸਰਕਾਰ ਨੇ ਮੰਡੀਆਂ ਦੇ ਅਗਾਉਂ ਪ੍ਰਬੰਧ ਨਹੀਂ ਕੀਤੇ ਅਤੇ ਹੁਣ ਜਦੋਂ ਮੰਡੀਆਂ ਵਿੱਚ ਕਿਸਾਨਾਂ ਦੀ ਦਿਨ-ਰਾਤ ਇੱਕ ਕਰਕੇ ਪਾਲੀ ਫ਼ਸਲ ਆਉਣ ਲੱਗੀ ਹੈ ਤਾਂ ਸਰਕਾਰ ਹਫੜਾ-ਤਫੜੀ ਮਚਾ ਰਹੀ ਹੈ, ਕਿਉਂਕਿ ਗੋਦਾਮਾਂ ਵਿੱਚ ਭੰਡਾਰ ਕੀਤੀ ਫ਼ਸਲ ਨੂੰ 2-3 ਮਹੀਨੇ ਪਹਿਲਾਂ ਖਾਲੀ ਕਰਨਾ ਹੁੰਦਾ ਹੈ ਅਤੇ ਕੇਂਦਰ ਸਰਕਾਰ ਨਾਲ ਰਾਬਤਾ ਕਰਨਾ ਹੁੰਦਾ ਹੈ। ਪਰ ਇਹ ਸਰਕਾਰ ਤਾਂ ਆਪਣੇ ਕਾਟੋ-ਕਲੇਸ਼ ਵਿੱਚ ਉਲਝ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਬੇਧਿਆਨੀ ਹੋ ਗਈ ਹੈ ਅਤੇ ਗੋਦਾਮਾਂ ਨੂੰ ਖਾਲੀ ਨਾ ਕਰਨ ਕਰਕੇ ਮੰਡੀਆਂ ਵਿੱਚ ਆਈ ਫ਼ਸਲ ਨੂੰ ਸਟੋਰ ਕਰਨ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੰਨਦਾਤਾ ਕਹਾਉਣ ਵਾਲੇ ਪੰਜਾਬ ਦੇ ਕਿਸਾਨ ਦੇ ਮਸਲਿਆਂ ਨੂੰ ਅਣਗੋਲਿਆਂ ਕਰਕੇ ਮਾਨ ਸਰਕਾਰ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਆਪਣੀ ਕੁਰਸੀ ਸਭ ਤੋਂ ਕੀਮਤੀ ਹੈ, ਕਿਸਾਨ ਚਾਹੇ ਮੰਡੀਆਂ ਵਿੱਚ ਰੁਲਣ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਾਮਲਿਆਂ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਤਾਂ ਕਿ ਉਹ ਜਲਦ ਆਪਣੀ ਫ਼ਸਲ ਵੇਚ ਕੇ ਅਗਲੀ ਫ਼ਸਲ ਬੀਜਣ ਦੀ ਤਿਆਰੀ ਕਰ ਸਕਣ।