ਬਲੂਮਿੰਗ ਬਡਜ਼ ਸਕੂਲ ਵਿੱਚ ਇੱਕ ਵਿਸ਼ੇਸ਼ ਸਭਾ ਦੌਰਾਨ ਉਦਯੋਗਪਤੀ ‘ਸਵ: ਰਤਨ ਨਵਲ ਟਾਟਾ ਜੀ’ ਨੂੰ ਭੇਂਟ ਕੀਤੀ ਸ਼ਰਧਾਂਜਲੀ

ਮੋਗਾ 14  ਅਕਤੂਬਰ (ਜਸ਼ਨ ਸਟ੍ਰਿੰਗਰ ) ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇੱਕ ਵਿਸ਼ੇਸ਼ ਸਭਾ ਦਾ ਅਯੋਜਨ ਕੀਤਾ ਗਿਆ ਇਸ ਸਭਾ ਦੌਰਾਨ ਸਕੂਲ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਸ਼ਹੂਰ ਉਦਯੋਗਪਤੀ ‘ਸਵ: ਰਤਨ ਨਵਲ ਟਾਟਾ’ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰਤਨ ਨਵਲ ਟਾਟਾ ਜੀ ਦੇ ਜੀਵਨ ਨਾਲ ਸੰਬੰਧਤ ਆਰਟੀਕਲ ਪੇਸ਼ ਕੀਤੇ ਗਏ ਅਤੇ ਉਹਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਰਤਨ ਨਵਲ ਟਾਟਾ ਜੀ ਦਾ ਜਨਮ 28 ਦਸੰਬਰ 1937 ਨੂੰ ਮੁੰਬਈ ਵਿਖੇ ਹੋਇਆ ਸੀ। ਉਹ ਨਵਲ ਟਾਟਾ ਜੀ ਦੇ ਪੁੱਤਰ ਸਨ ਅਤੇ ਬਾਅਦ ਵਿੱਚ ਟਾਟਾ ਸਮੂਹ ਦੇ ਸੰਸਥਾਪਕ ਜਮਸ਼ੇਦ ਜੀ ਟਾਟਾ ਦੇ ਬੇਟੇ ਰਤਨ ਜੀ ਟਾਟਾ ਨੇ ਉਹਨਾਂ ਨੂੰ ਗੋਦ ਲੈ ਲਿਆ ਸੀ। 1961 ਵਿੱਚ ਉਹ ਟਾਟਾ ਸਮੂਹ ਨਾਲ ਜੁੜੇ ਅਤੇ 1991 ਵਿੱਚ ਜੇ.ਆਰ.ਡੀ. ਟਾਟਾ ਜੀ ਦੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦੇ ਉੱਤਰਾਧਿਕਾਰੀ ਬਣੇ। ਟਾਟਾ ਗਰੁੱਪ ਦੇ ਕੁਲ ਮੁਨਾਫੇ ਦਾ 60-65 ਪ੍ਰਤੀਸ਼ਤ ਹਿੱਸਾ ਚੈਰਟੀ ਲਈ ਦਾਨ ਕੀਤਾ ਜਾਂਦਾ ਹੈ ਜਿਸ ਕਾਰਨ ਰਤਨ ਨਵਲ ਟਾਟਾ ਜੀ ਦਾ ਸ਼ੁਮਾਰ ਦੁਨੀਆ ਭਰ ਦੀਆਂ ਮੁੱਖ ਪਰਉਪਕਾਰੀ ਹਸਤੀਆਂ ਵਿੱਚ ਕੀਤਾ ਜਾਂਦਾ ਹੈ। ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਦੱਸਿਆ ਕਿ ਰਤਨ ਨਵਲ ਟਾਟਾ ਜੀ ਦਾ ਸੰਪੂਰਨ ਜੀਵਨ ਹੀ ਪ੍ਰੇਰਨਾਦਾਈ ਹੈ। ਉਹਨਾਂ ਨੇ ਕਿਹਾ ਸੀ “ਮੈ ਸਹੀ ਫੈਸਲਾ ਲੈਣ ਵਿੱਚ ਵਿਸ਼ਵਾਸ ਨਹੀਂ ਕਰਦਾ, ਮੈਂ ਫੈਸਲਾ ਲੈਣਾ ਹਾਂ ਤੇ ਉਸ ਨੂੰ ਸਹੀ ਸਾਬਤ ਕਰਦਾ ਹਾਂ”। ਰਤਨ ਨਵਲ ਟਾਟਾ ਜੀ ਨੂੰ ਸਾਲ 2000 ਵਿੱਚ ਪਦਮ ਭੂਸ਼ਣ, 2006 ਵਿੱਚ ਮਹਾਰਾਸ਼ਟਰ ਭੂਸ਼ਣ, 2008 ਵਿੱਚ ਪਦਮ ਵਿਭੂਸ਼ਣ ਅਤੇ 2021 ਵਿੱਚ ਅਸਾਮ ਵੈਭਵ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਜੀਵਨ ਕਾਲ ਦੌਰਾਨ ਰਤਨ ਨਵਲ ਟਾਟਾ ਨੇ ਟਾਟਾ ਸਮੂਹ ਨੂੰ ਅੰਤਰਰਾਸ਼ਟਰੀ ਪੱਧਰ ਦਾ ਸਮੂਹ ਬਣਾ ਦਿੱਤਾ ਅਤੇ ਇਸ ਦੇ ਨਾਲ-ਨਾਲ ਮਾਨਵ ਕਲਿਆਨ ਲਈ ਅਨੇਕਾਂ ਚੈਰੀਟੇਬਲ ਸੰਸਥਾਵਾਂ ਦੀ ਸ਼ੁਰੂਆਤ ਕੀਤੀ ਜੋ ਲੋੜਵੰਦਾ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ ਚਾਹੇ ਉਹ ਸਿਹਤ ਹੋਵੇ, ਭੋਜਨ ਹੋਵੇ ਜਾਂ ਸਿੱਖਿਆ। ਸਭਾ ਤੋਂ ਬਾਅਦ ਮੌਜੂਦ ਸਾਰੇ ਸਟਾਫ, ਵਿਦਿਆਰਥੀਆਂ ਅਤੇ ਮੈਨਜਮੈਂਟ ਮੈਂਬਰ ਸਾਹਿਬਾਨ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਭਾਰਤ ਦੇ ਇਸ ਮਹਾਨ ਉਦਯੋਗਪਤੀ ਅਤੇ ਪਰਉਪਕਾਰੀ ਇਨਸਾਨ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ।