ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਅਧੀਨ ਪੈਂਦੇ ਕਸਬਾ ਸਮਾਲਸਰ ਵਿਖੇ ਅੱਜ ਤੜਕਸਾਰ ਐਨ ਆਈ ਏ ਨੇ ਕੀਤੀ ਰੇਡ
ਬਾਘਾਪੁਰਾਣਾ /ਮੋਗਾ , 13 ਸਤੰਬਰ (ਜਸ਼ਨ): ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਅਧੀਨ ਪੈਂਦੇ ਕਸਬਾ ਸਮਾਲਸਰ ਵਿਖੇ ਅੱਜ ਤੜਕਸਾਰ ਐਨ ਆਈ ਏ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਸਮਾਲਸਰ ਦੇ ਵਸਨੀਕ ਕਵੀਸ਼ਰ , ਮੱਖਣ ਸਿੰਘ ਮੁਸਾਫਰ ਦੇ ਘਰ ਐਨ ਆਈ ਏ ਰੇਡ ਵੱਲੋਂ ਰੇਡ ਕੀਤੀ ਗਈ ਏ।
ਦੱਸਿਆ ਜਾ ਰਿਹਾ ਹੈ ਕਿ ਮੱਖਣ ਸਿੰਘ ਮੁਸਾਫਰ ਕਵੀਸਰ ਜੋ ਘਰ ਵਿੱਚ ਮੌਜੂਦ ਨਹੀਂ ਹੈ ਪਰ ਪਿੰਡ ਦੇ ਸਰਪੰਚ ਅਤੇ ਹੋਰ ਪਿੰਡ ਦੇ ਲੋਕ ਘਰ ਦੇ ਵਿੱਚ ਮੌਜੂਦ ਸੀ ਅਤੇ ਐਨ ਆਈ ਏ ਦੀ ਟੀਮ ਨੇ ਪਰਿਵਾਰਕ ਮੈਂਬਰਾਂ ਦੀ ਪੁੱਛਗਿੱਛ ਕੀਤੀ । ਇਹ ਰੇਡ ਅੱਜ ਸਵੇਰੇ 5 ਵਜੇ ਤੋਂ ਪੰਜਾਬ ਪੁਲਿਸ ਅਤੇ ਐਨ ਆਈ ਏ ਦੀ ਟੀਮ ਵੱਲੋਂ ਕੀਤੀ ਗਈ। ਅੱਜ ਪੰਜਾਬ ਦੇ ਅਮ੍ਰਿਤਸਰ ਅਤੇ ਮੋਗਾ ‘ਚ ਐਨ ਆਈ ਏ ਵੱਲੋਂ ਰੇਡ ਕੀਤੀ ਗਈ। ਐਨ ਆਈ ਦੀ ਟੀਮ ਨੇ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਅਧੀਨ ਪਿੰਡ ਸਮਾਲਸਰ ਵਿਖੇ ਮੱਖਣ ਸਿੰਘ ਕਵੀਸ਼ਰ ਦੇ ਘਰ ਦੀ ਫਰੋਲਾ ਫਰਾਲੀ ਕੀਤੀ ਅਤੇ ਤਾਲੇ ਤੋੜ ਕੇ ਵੀ ਚੈਕਿੰਗ ਕੀਤੀ।ਅੱਜ ਹੋਈ ਇਸ ਛਾਪੇਮਾਰੀ ਸੰਬੰਧੀ ਜਾਣਕਾਰੀ ਦਿੰਦਿਆਂ ਮੱਖਣ ਸਿੰਘ ਕਵੀਸ਼ਰ ਦੀ ਮਾਤਾ ਨੇ ਕਿਹਾ ਕਿ ਉਹਨਾਂ ਦੇ ਘਰ ਅੱਜ ਸਵੇਰੇ 5 ਵਜੇ ਦੇ ਕਰੀਬ ਐਨਆਈਏ ਵਾਲੇ ਆਏ ਸਨ ਅਤੇ ਘਰ ਦੀ ਤਲਾਸ਼ੀ ਲਈ ਅਤੇ ਘਰ ਦੇ ਵਿੱਚ ਪੇਟੀ ਦੇ ਤਾਲੇ ਵੀ ਤੋੜੇ ਅਤੇ ਉਹਨਾਂ ਦੇ ਫੋਨ ਫੜ ਲਏ । ਉਹਨਾਂ ਦੱਸਿਆ ਕਿ ਤਲਾਸ਼ੀ ‘ਚ ਉਹਨਾਂ ਦੇ ਘਰ ਵਿੱਚੋਂ ਕੁਝ ਨਹੀਂ ਮਿਲਿਆ ਅਤੇ ਪੁੱਛਗਿੱਛ ਕੀਤੀ ਅਤੇ ਵਾਪਸ ਚਲੇ ਗਏ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੱਖਣ ਸਿੰਘ ਮੁਸਾਫਰ ਦੀ ਪਤਨੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਕਿਰਤ ਕਰਦਾ ਹੈ । ਉਸ ਨੇ ਕਿਹਾ ਕਿ, ਉਹ ਅਤੇ ਉਸ ਦਾ ਪਤੀ ਕਵੀਸ਼ਰ ਹਨ , ਇਸ ਕਰਕੇ ਉਹ ਅਕਸਰ ਸਟੇਜਾਂ ’ਤੇ ਖੁਲ੍ਹ ਕੇ ਆਪਣੇ ਵਿਚਾਰ ਰੱਖਦੇ ਹਨ । ਉਹਨਾਂ ਸ਼ੰਕਾਂ ਜਤਾਈ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਕੋਈ ਸਟੇਜੀ ਗੱਲ ਕਿਸੇ ਨੂੰ ਬੁਰੀ ਲੱਗੀ ਹੋਵੇ ਅਤੇ ਉਹਨਾਂ ’ਤੇ ਇਸ ਤਰਾਂ ਦੀ ਕਾਰਵਾਈ ਹੋਈ ਹੈ। ਉਹਨਾਂ ਕਿਹਾ ਕਿ ਉਹ ਲੋਕਾਂ ਵਿਚ ਵਿਚਰਦੇ ਹਨ ਅਤੇ ਉਹਨਾਂ ਦੇ ਫੋਨ ਨੰਬਰਾਂ ਦਾ ਲੋਕਾਂ ਕੋਲ ਹੋਣਾ ਸੁਭਾਵਿਕ ਹੈ ਅਤੇ ਜਦੋਂ ਕਿਸੇ ਨੂੰ ਉਹਨਾਂ ਦੀਆਂ ਵਿਚਾਰਾਂ ਚੰਗੀਆਂ ਲੱਗਦੀਆਂਹਨ ਤਾਂ ਅਕਸਰ ਉਹਨਾਂ ਨੂੰ ਲੋਕ ਸੰਪਰਕ ਕਰ ਲੈਂਦੇ ਹਨ । ਪਰ ਫੇਰ ਵੀ ਉਹਨਾਂ ਨੇ ਅੱਜ ਦੀ ਕਾਰਵਾਈ ‘ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ।
ਉਥੇ ਹੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਨੇ ਕਿਹਾ ਕਿ ਅੱਜ ਸਾਡੇ ਪਿੰਡ ਐਨਆਈਏ ਵੱਲੋਂ ਮੱਖਣ ਸਿੰਘ ਕਵੀਸ਼ਰ ਦੇ ਘਰ ਰੇਡ ਕੀਤੀ ਗਈ ਇਹ ਰੇਡ ਸਵੇਰੇ 5 ਵਜੇ ਕੀਤੀ ਗਈ ਘਰ ਵਿੱਚ ਇਕੱਲੀਆਂ ਮਹਿਲਾਵਾਂ ਹੋਣ ਕਾਰਨ ਉਹਨਾਂ ਨੇ ਮੈਨੂੰ ਬੁਲਾਇਆ ਅਤੇ ਉਹ ਮੌਕੇ ਤੇ ਪਹੁੰਚਿਆ ਐਨ ਆਈ ਏ ਵੱਲੋਂ ਘਰ ਦੀ ਤਲਾਸ਼ੀ ਲਈ ਗਈ ਅਤੇ ਉਹਨਾਂ ਦੇ ਮੋਬਾਇਲ ਫੜ ਲਏ ਅਤੇ ਨੂੰ ਕਿਹਾ ਕਿ 24 ਤਰੀਕ ਨੂੰ ਦਿੱਲੀ ਆਉਣਾ ਹੈ ਕਿਉਂਕਿ ਇਸ ਪਰਿਵਾਰ ਦੇ ਬਾਹਰਲੇ ਦੇਸ਼ਾਂ ਦੇ ਵਿੱਚ ਕੁਝ ਸਬੰਧ ਹਨ ਜਿਸ ਨੂੰ ਲੈ ਕੇ ਇਹ ਰੇਡ ਕੀਤੀ ਗਈ। ਮੱਖਣ ਸਿੰਘ ਘਰ ਚ ਮੌਜੂਦ ਨਹੀਂ ਸੀ ਉਹ ਅੰਮ੍ਰਿਤਸਰ ਗਿਆ ਹੋਇਆ ਸੀ।