ਨਿਊ ਟਾਊਨ ਦੇ ਨਾਲ ਵਾਲੀ ਗਲੀ ਵਿੱਚ ਆਰਜੀ ਕੂੜਾ ਕੁਲੈਕਸ਼ਨ ਪੁਆਇੰਟ ਤੋਂ ਨਿਗਮ ਰੋਜ਼ਾਨਾ ਚੁੱਕ ਰਿਹੈ ਕੂੜਾ
*ਕੂੜਾ ਚੁੱਕ ਕੇ ਕਲੀ-ਚੂਨੇ ਦਾ ਵੀ ਕੀਤਾ ਜਾਂਦਾ ਛਿੜਕਾਓ-ਸਹਾਇਕ ਕਮਿਸ਼ਨਰ ਨਗਰ ਨਿਗਮ
ਮੋਗਾ, 11 ਸਤੰਬਰ (ਜਸ਼ਨ) ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਦੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਕੰਮ ਵਿੱਚ ਨਿਗਮ ਦਾ ਸਫਾਈ ਅਮਲਾ ਵੀ ਆਪਣੀ ਡਿਊਟੀ ਕਰ ਰਿਹਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਨਗਰ ਨਿਗਮ ਮੋਗਾ ਦੇ ਸਹਾਇਕ ਕਮਿਸ਼ਨਰ-ਕਮ-ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਨਿਊ ਟਾਊਨ ਨੇੜੇ ਥਾਣਾ ਸਿਟੀ ਨੰਬਰ 2 ਦੇ ਨਾਲ ਵਾਲੀ ਗਲੀ ਨਜਦੀਕ ਨਿਗਮ ਵੱਲੋਂ ਆਰਜੀ ਕੂੜਾ ਕੁਲੈਕਸ਼ਨ ਪੁਆਇੰਟ ਬਣਾਇਆ ਗਿਆ ਹੈ, ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਆਦਿ ਦੀ ਸਾਫ-ਸਫਾਈ ਕਰਨ ਤੋਂ ਬਾਅਦ ਇਕੱਠੇ ਕੀਤੇ ਗਲੀਆਂ ਦੇ ਕੂੜੇ ਨੂੰ ਇਸ ਜਗ੍ਹਾ ਤੋਂ ਰੋਜ਼ਾਨਾ ਸਵੇਰ ਸਮੇਂ ਟਰੈਕਟਰ ਟਰਾਲੀ ਨਾਲ ਚੁੱਕ ਲਿਆ ਜਾਂਦਾ ਹੈ ਅਤੇ ਉਸ ਜਗ੍ਹਾ ਉਪਰ ਕਲੀ-ਚੂਨੇ ਦਾ ਛਿੜਕਾਓ ਵੀ ਕੀਤਾ ਜਾਂਦਾ ਹੈ। ਰਾਤ ਸਮੇਂ ਸ਼ਹਿਰ ਵਾਸੀ ਇਸ ਜਗ੍ਹਾ ਤੇ ਕੂੜਾ ਕਰਕਟ ਨਾ ਸੁੱਟਣ ਇਸ ਲਈ ਨਿਗਮ ਵੱਲੋਂ ਕਰਮਚਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ। ਉਹਨਾਂ ਦੱਸਿਆ ਕਿ ਕਮਿਸ਼ਨਰ ਨਗਰ ਨਿਗਮ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਦੀਆਂ ਸਖਤ ਹਦਾਇਤਾਂ ਹਨ ਕਿ ਨਗਰ ਨਿਗਮ ਜਰੀਏ ਕਿਸੇ ਵੀ ਸ਼ਹਿਰ ਵਾਸੀ ਨੂੰ ਕਿਸੇ ਵੀ ਸਮੱਸਿਆ ਨਹੀਂ ਆਉਣੀ ਚਾਹੀਦੀ ਅਤੇ ਸ਼ਹਿਰ ਦੀ ਸਫਾਈ ਅਤੇ ਹਰਿਆਲੀ ਵਿੱਚ ਵਾਧਾ ਕਰਨ ਲਈ ਯਤਨ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।