ਡਿਪਟੀ ਕਮਿਸ਼ਨਰ ਨੇ ਪਰਾਲੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ 334 ਨੋਡਲ ਅਫਸਰਾਂ ਤੇ 22 ਕਲਸਟਰ ਅਫਸਰਾਂ ਦੀਆਂ ਬਣਾਈਆਂ ਟੀਮਾਂ
ਮੋਗਾ, 10 ਸਤੰਬਰ,(ਜਸ਼ਨ) ਪੰਜਾਬ ਸਰਕਾਰ ਵੱਲੋਂ ਹਵਾ (ਰੋਕਥਾਮ ਅਤੇ ਕੰਟਰੋਲ ਆਫ ਪ੍ਰਦੂਸ਼ਣ) ਐਕਟ, 1981 ਦੀ ਧਾਰਾ 19 (5) ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਦੇ ਵਿੱਚ ਫਸਲਾਂ ਦੀ ਨਾੜ/ਰਹਿੰਦ-ਖੂੰਹਦ ਨੂੰ ਅੱਗ ਲਗਾਏ ਜਾਣ ਦੀ ਮਨਾਹੀ ਕੀਤੀ ਗਈ ਹੈ ਅਤੇ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਹਿੱਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਸਰਕਾਰ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਫਸਲਾਂ ਦੀ ਨਾੜ/ਰਹਿੰਦ-ਖੂੰਹਦ ਨੂੰ ਅੱਗ ਲਗਾਏ ਜਾਣ ਤੋਂ ਰੋਕਣ ਅਤੇ ਇਸਨੂੰ ਅੱਗ ਲਗਾਏ ਜਾਣ ਦੀ ਸੂਰਤ ਵਿੱਚ ਕਾਰਵਾਈ ਕਰਨ ਲਈ ਨੋਡਲ ਅਫਸਰ ਅਤੇ ਕਲਸਟਰ ਅਫਸਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਬਲਾਕ ਮੋਗਾ-1 ਵਿੱਚ 4, ਮੋਗਾ-2 ਵਿੱਚ 2, ਨਿਹਾਲ ਸਿੰਘ ਵਾਲਾ ਵਿੱਚ 4, ਧਰਮਕੋਟ ਵਿੱਚ 6, ਬਾਘਾਪੁਰਾਣਾ ਵਿੱਚ 6 ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ। 334 ਨੋਡਲ ਅਫਸਰ 22 ਕਲੱਸਟਰ ਅਫਸਰਾਂ ਦੀ ਨਿਗਰਾਨੀ ਵਿੱਚ ਕੰਮ ਕਰਕੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਉਪਰ ਨਜਰ ਰੱਖ ਕੇ ਕਾਰਵਾਈ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਹਰੇਕ ਟੀਮ ਦੀਆਂ 2 ਮੁੱਖ ਗਤੀਵਿਧੀਆਂ, ਪਹਿਲਾ ਕਿਸਾਨਾਂ ਨੂੰ ਨਾੜ/ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨਾ ਅਤੇ ਅੱਗ ਲਗਾਏ ਜਾਣ ਦੀ ਸੂਰਤ ਵਿੱਚ ਜਮੀਨ ਮਾਲਕਾਂ ਦੇ ਚਲਾਨ ਕੱਟਣੇ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਟੀਮ ਵੱਲੋਂ ਕਿਸਾਨਾਂ ਨੂੰ ਨਾੜ/ਪਰਾਲੀ ਨਾ ਸਾੜਨ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ। ਨਾੜ/ਪਰਾਲੀ ਦੇ ਸਾਂਭ ਸੰਭਾਲ ਲਈ ਵਰਤੋਂ ਵਿੱਚ ਆਉਣ ਵਾਲੇ ਸੰਦਾਂ ਦੀ ਜਾਣਕਾਰੀ ਦੇ ਨਾਲ ਨਾਲ ਇਹਨਾਂ ਉਪਰ ਮਿਲਣ ਵਾਲੀ ਸਬਸਿਡੀ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਜੇਕਰ ਕਿਸੇ ਕਿਸਾਨ ਵੱਲੋਂ ਨਾੜ/ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਸਬੰਧਤ ਕਿਸਾਨ ਦੇ ਜਮੀਨ ਦੀ ਗਿਰਦਾਵਰੀ ਵਿੱਚ ਸੁਰਖ ਅੱਖਰਾਂ ਵਿੱਚ ਇੰਦਰਾਜ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਲੱਸਟਰ ਅਤੇ ਨੋਡਨ ਅਫਸਰਾਂ ਦੀਆਂ ਟੀਮਾਂ ਦੀ ਕਾਰਜਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲਗਾਏ ਜਾਣ ਦੀ ਸੂਚਨਾ ਮਿਲਣ ਤੇ ਸਬੰਧਤ ਨੋਡਲ ਅਫਸਰ ਵੱਲੋਂ ਮੌਕੇ ਦਾ ਮੁਆਇਨਾ ਕਰਨ ਉਪਰੰਤ ਜਗ੍ਹਾ ਦੀ ਰਿਪੋਰਟ/ਫੋਟੋ ਸਬੰਧਤ ਪਟਵਾਰੀ ਨੂੰ ਮੋਬਾਈਲ ਐਪਲੀਕੇਸ਼ਨ ਰਾਹੀਂ ਭੇਜੀ ਜਾਵੇਗੀ, ਇਸ ਉਪਰੰਤ ਪਟਵਾਰੀ ਵੱਲੋਂ ਜਮੀਨ ਦੇ ਰਿਕਾਰਡ ਸਬੰਧੀ ਸਾਰੀ ਜਾਣਕਾਰੀ ਮੋਬਾਈਲ ਐਪਲੀਕੇਸ਼ਨ ਤੇ ਅਪਲੋਡ ਕਰਨ ਉਪਰੰਤ ਕਲੱਸਟਰ ਅਫਸਰ ਨੂੰ ਭੇਜੀ ਜਾਵੇਗੀ। ਰਿਪੋਰਟ ਪ੍ਰਾਪਤ ਹੋਣ ਉਪਰੰਤ ਸਬੰਧਤ ਤਹਿਸੀਲਦਾਰ ਦੇ ਦਫਤਰ ਵੱਲੋਂ ਅੱਗ ਲਗਾਉਣ ਵਾਲੀ ਜਗ੍ਹਾ ਦੇ ਮਾਲਕ ਦਾ ਚਲਾਨ ਕੱਟਣ ਉਪਰੰਤ ਸਾਰੀ ਜਾਣਕਾਰੀ ਮੋਬਾਈਲ ਐਪਲੀਕੇਸ਼ਨ ਤੇ ਅਪਲੋਡ ਕੀਤੀ ਜਾਵੇਗੀ ਤਾਂ ਜੋ ਸਾਰੀ ਰਿਪਰੋਟ ਸਬੰਧਤ ਉਪ ਮੰਡਲ ਅਫਸਰ ਨੂੰ ਬੀ.ਐਨ.ਐਸ.ਐਸ. ਦੀ ਧਾਰਾ 233 ਅਧੀਨ ਕਾਰਵਾਈ ਕਰਨ ਹਿੱਤ ਭੇਜੀ ਜਾ ਸਕੇ। ਹਰ ਉਪ ਮੰਡਲ ਵਿੱਚ ਗਠਿਤ ਟੀਮਾਂ ਉਸ ਉਪ ਮੰਡਲ ਦੇ ਉਪ ਮੰਡਲ ਮੈਜਿਸਟ੍ਰੇਟ ਅਧੀਨ ਕੰਮ ਕਰਨਗੀਆਂ। ਉਪ ਮੰਡਲ ਵਿੱਚ ਤਾਇਨਾਤ ਉਪ ਕਪਤਾਨ ਪੁਲਿਸ, ਉਪ ਮੰਡਲ ਮੈਜਿਸਟ੍ਰੇਟ ਨਾਲ ਤਾਲਮੇਲ ਕਰਕੇ ਪੁਲਿਸ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਅਮਲ ਵਿੱਚ ਲਿਆਉਣਗੇ ਅਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸਟਬਲ ਬਰਨਿੰਗ ਰੋਕਣ ਲਈ ਸਬੰਧਤ ਐਸ.ਐਚ.ਓ ਦੀ ਜਿੰਮੇਵਾਰੀ ਹੋਵੇਗੀ। ਚਲਾਨ ਬੁੱਕ ਮੁਕੰਮਲ ਹੋਣ ਤੇ ਟੀਮ ਦੇ ਇੰਚਾਰਜ ਵੱਲੋਂ ਉਸਨੂੰ ਡੀ.ਆਰ.ਓ. ਮੋਗਾ ਦੇ ਦਫਤਰ ਵਿਖੇ ਜਮ੍ਹਾਂ ਕਰਵਾਇਆ ਜਾਵੇਗਾ ਅਤੇ ਡੀ.ਆਰ.ਓ. ਇਹਨਾਂ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਫਤਰ ਵਿਖੇ ਭੇਜੇਗਾ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਦੱਸਿਆ ਕਿ ਕਿਸਾਨ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।