ਕੇਂਦਰ ਸਰਕਾਰ ਵੱਲੋਂ ਉਤਪਾਦਾਂ ਅਤੇ ਸੇਵਾਵਾਂ ਨਾਲ ਸਬੰਧਤ ਵਿਚਾਰਾਂ ਨੂੰ ਸੱਦਾ ਦੇਣ ਲਈ ਨਵੀਂ ਪਹਿਲ Ideas4LiFE ਦੀ ਸ਼ੁਰੂਆਤ
* ਡਿਪਟੀ ਕਮਿਸ਼ਨਰ ਮੋਗਾ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੀਨਤਾਕਾਰੀ ਅਤੇ ਵਿਲੱਖਣ ਵਿਚਾਰਾਂ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ
ਮੋਗਾ, 3 ਸਤੰਬਰ (ਜਸ਼ਨ) -ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਉਤਪਾਦਾਂ ਅਤੇ ਸੇਵਾਵਾਂ ਨਾਲ ਸਬੰਧਤ ਨਵੀਨਤਮ ਵਿਚਾਰਾਂ ਨੂੰ ਸੱਦਾ ਦੇਣ ਲਈ ਇੱਕ ਨਵੀਂ ਪਹਿਲਕਦਮੀ Ideas4LiFE ਦੀ ਸ਼ੁਰੂਆਤ ਕੀਤੀ ਹੈ, ਜੋ ਵਾਤਾਵਰਣ ਪੱਖੀ ਜੀਵਨ ਸ਼ੈਲੀ ਵਿਵਹਾਰ ਵਿੱਚ ਤਬਦੀਲੀਆਂ ਲਿਆਉਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਖੋਜ ਵਿਦਵਾਨਾਂ, ਫੈਕਲਟੀ ਅਤੇ ਵਾਤਾਵਰਨ ਪੱਖੀ ਕੁਝ ਨਵਾਂ ਕਰਨ ਦੀ ਸੋਚ ਰੱਖਣ ਵਾਲੇ ਭਾਈਚਾਰੇ ਨੂੰ ਨਵੀਨਤਾਕਾਰੀ ਅਤੇ ਲੀਹ ਤੋਂ ਹਟਕੇ ਵਿਚਾਰਾਂ ਨਾਲ ਅੱਗੇ ਆਉਣ ਦਾ ਸੱਦਾ ਦਿੱਤਾ, ਜੋ ਸਰੋਤਾਂ ਦੀ ਸੁਚੇਤ ਅਤੇ ਸੁਚੱਜੀ ਵਰਤੋਂ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ, ਫੈਕਲਟੀ ਅਤੇ ਖੋਜ ਵਿਦਵਾਨਾਂ ਨੂੰ ਵਿਸ਼ਵ ਪੱਧਰੀ ਮਿਸ਼ਨ ਲਾਈਫ ਦੀ ਪਹਿਲਕਦਮੀ ਵਿੱਚ ਆਪਣੇ ਨਵੀਨਤਾਕਾਰੀ ਵਿਚਾਰਾਂ ਦਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਅਤੇ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸਥਿਰਤਾ ਨੂੰ ਸਮਰਪਿਤ ਗਲੋਬਲ ਅੰਦੋਲਨ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਦਿਮਾਗਾਂ ਲਈ ਇਹ ਇੱਕ ਸ਼ਾਨਦਾਰ ਮੌਕਾ ਹੈ। ਮਿਸ਼ਨ ਲਾਈਫ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੁਦਰਤ ਤੋਂ ਸਾਨੂੰ ਜੋ ਵੀ ਬੁਨਿਆਦੀ ਚੀਜ਼ਾਂ ਮਿਲਦੀਆਂ ਹਨ ਉਹ ਸਭ ਤੋਂ ਸ਼ੁੱਧ ਰੂਪ ਵਿੱਚ ਹੁੰਦੀਆਂ ਹਨ ਪਰ ਬਦਲੇ ਵਿੱਚ ਸਾਡੀ ਪੈਦਾਵਾਰ ਅਸ਼ੁੱਧ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਕੁਦਰਤ ਨੂੰ ਬਚਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਸੰਭਾਲਣ ਵਿੱਚ ਮਦਦ ਕਰਨ ਦਾ ਹੈ। ਕੁਦਰਤ ਸਾਨੂੰ ਸਾਡੇ ਰਹਿਣ ਲਈ ਭੋਜਨ, ਤੇਲ, ਊਰਜਾ ਅਤੇ ਦਵਾਈ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੁਦਰਤ ਸਾਨੂੰ ਉਹ ਸਭ ਕੁਝ ਦਿੰਦੀ ਹੈ ਜੋ ਬਚਾਅ ਲਈ ਜ਼ਰੂਰੀ ਹੈ, ਤਾਂ ਇਸ ਨੂੰ ਬਚਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਇਸ ਉਪਰਾਲੇ ਦੀ ਲੋੜ ਹੈ ਅਤੇ ਇਸ ਨੂੰ ਸਫਲ ਬਣਾਉਣਾ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰੋਤਾਂ ਦੀ ਧਿਆਨ ਨਾਲ ਅਤੇ ਸੁਚੱਜੀ ਵਰਤੋਂ ਕੁਦਰਤ ਨੂੰ ਬਚਾਉਣ ਵਿੱਚ ਸਾਡੀ ਮਦਦ ਕਰੇਗੀ। ਉਹਨਾਂ ਕਿਹਾ ਕਿ ਸਮੂਹ ਭਾਗੀਦਾਰ ਆਪਣੇ ਵਿਚਾਰ ਪੋਰਟਲ 'Ideas4Life.nic.in' ਉੱਤੇ ਆਨਲਾਈਨ ਦੇ ਸਕਦੇ ਹਨ। ਮਿਸ਼ਨ ਲਾਈਫ ਦੇ ਸੱਤ ਥੀਮਾਂ ਵਿੱਚੋਂ ਹਰੇਕ ਦੇ ਤਹਿਤ ਜੇਤੂ ਵਿਚਾਰਾਂ ਨੂੰ ਮਾਨਤਾ ਦਿੱਤੀ ਜਾਵੇਗੀ ਅਤੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪੋਰਟਲ 'ਤੇ ਵਿਚਾਰ ਅਤੇ ਸੁਝਾਅ ਦੇਣ ਦੀ ਅੰਤਿਮ ਮਿਤੀ 15 ਸਤੰਬਰ, 2024 ਹੈ।