ਸਿਫਾਰਸ਼ ਤੋਂ ਵੱਧ ਖਾਦਾਂ ਪਾਉਣ ਨਾਲ ਕੀੜੇ ਮਕੌੜੇ ਤੇ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ-ਡਾ. ਜਸਵਿੰਦਰ ਬਰਾੜ

ਪਾਣੀ ਅਤੇ ਖਾਦਾਂ ਦੀ ਘੱਟ ਵਰਤੋ ਨਾਲ ਵੀ ਝੋਨੇ ਦੀ ਫਸਲ ਤੋਂ ਚੌਖਾ ਝਾੜ ਪ੍ਰਾਪਤ ਕੀਤਾ ਜਾ ਸਕਦਾ

ਮੋਗਾ, 1 ਸਤੰਬਰ (ਜਸ਼ਨ) ਮੋਗਾ ਜਿਲ੍ਹੇ ਦੇ ਪਿੰਡ ਲੁਹਾਰਾ ਦੇ ਅਗਾਹਵਧੂ ਕਿਸਾਨ ਲਖਵੀਰ ਸਿੰਘ ਦੇ ਖੇਤ ਵਿੱਚ ਸਾਬਕਾ ਖੇਤੀ ਸੱਕਤਰ ਡਾ. ਕਾਹਨ ਸਿੰਘ ਪੱਨੂੰ ਦੀ ਸਲਾਹ ਤੇ ਬੈਡ- ਪਲਾਟੇਸ਼ਨ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਦਾ ਦੋ ਏਕੜ ਦਾ ਪਰਦਰਸ਼ਨੀ ਪਲਾਂਟ ਲਗਾਇਆ ਗਿਆ। ਜਿਸ ਨਾਲ 50 ਫੀਸਦੀ ਤੋਂ ਵੱਧ ਪਾਣੀ ਤੇ ਖਾਦਾਂ ਦੀ ਬੱਚਤ ਹੋਈ ਹੈ। ਡਾ.ਜਸਵਿੰਦਰ ਸਿੰਘ ਬਰਾੜ ਸਟੇਟ ਐਵਾਰਡੀ ਮੁੱਖ ਖੇਤੀਬਾੜੀ ਅਫਸਰ ਨੇ ਇਸ ਪਰਦਰਸ਼ਨੀ ਪਲਾਟ ਦਾ ਨਰੀਖਣ ਕਰਦਿਆ ਦੱਸਿਆ ਕਿ ਝੋਨੇ ਦੀ ਟਰੈਕਟਰ ਨਾਲ ਚੱਲਣ ਵਾਲੇ ਬੈਡ ਪਲਾਂਟਰ ਨਾਲ ਚਾਰ ਕਿਲੋ ਝੋਨੇ ਦੇ ਬੀਜ ਨੂੰ ਇਕ ਏਕੜ ਲਈ ਵਰਤ ਕੇ ਬਿਜਾਈ 14 ਜੂਨ ਨੂੰ ਕੀਤੀ ਗਈ ਸੀ। ਕੁਲ ਦੋ ਏਕੜ ਦਾ ਪ੍ਰਦਰਸ਼ਨੀ ਪਲਾਟ ਲਗਾਇਆ ਗਿਆ। ਜਿਸ ਉਪਰ ਕੇਵਲ ਦੋ ਗੱਟੇ ਭਾਵ 90 ਕਿਲੋ ਯੂਰੀਆ ਪ੍ਰਤੀ ਏਕੜ ਪਾਇਆ ਗਿਆ ਹੈ। ਇਕ ਨਦੀਨ ਨਾਸ਼ਕ ਦੀ ਸਪਰੇਅ ਕਰਨ ਤੋਂ ਇਲਾਵਾ ਹੋਰ ਕੋਈ ਖੇਤੀ ਸਮੱਗਰੀ ਨਹੀਂ ਪਾਈ ਗਈ। ਇਸ਼ ਮੌਕੇ ਤੇ ਨਰੀਖਣ ਕਰਦਿਆ ਦੇਖਿਆ ਕਿ ਝੋਨੇ ਦੀ ਫਸਲ ਬਿਲਕੁਲ ਠੀਕ ਹੈ ਅਤੇ ਕੋਈ ਕੀੜਾ ਮਕੌੜਾ ਜਾ ਬਿਮਾਰੀ ਨਹੀਂ ਹੈ। ਫਸਲ ਤੋਂ ਭਰਪੂਰ ਝਾੜ ਪ੍ਰਾਪਤ ਹੋਵੇਗਾ। ਇਸ ਮੌਕੇ ਤੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪਾਣੀ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨੀ ਸਮੇਂ ਦੀ ਮੁੱਖ ਲੋੜ ਹੈ। ਆਉਣ ਵਾਲੇ ਸਮੇਂ ਕਿਸਾਨਾਂ ਨੂੰ ਅਜਿਹੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀ ਹਨ, ਤਾਂ ਕਿ ਕੁਦਰਤੀ ਅਨਮੋਲ ਖਜਾਨਾ ਪਾਣੀ ਤੇ ਵਾਤਾਵਰਨ ਦੀ ਸਾਂਭ ਸੰਭਾਲ ਹੋ ਸਕੇ। ਇਸ਼ ਮੌਕੇ ਤੇ ਕਿਸਾਨਾਂ ਦੇ ਸਵਾਲ ਦਾ ਜੁਆਬ ਦਿੰਦਿਆ ਕਿਹਾ ਕਿ ਡੀ.ਏ.ਪੀ ਖਾਦ ਦੀ ਸਪਲਾਈ ਲਗਾਤਾਰ ਚਾਲੂ ਹੈ। ਕਿਸਾਨ ਘਬਰਾਹਟ ਵਿੱਚ ਨਾ ਆਉਣ। ਪਹਿਲਾਂ ਆਲੂਆ ਦੀ ਫਸਲ ਲਈ ਖਾਦਾਂ ਦੀ ਖਰੀਦ ਕਰਨ । ਡੀ.ਏ.ਪੀ. ਖਾਦ ਦੇ ਨਾਲ-ਨਾਲ ਐਨ.ਪੀ.ਕੇ. ਖਾਦ 12.32.16 ਖਾਦਾਂ ਦੀ ਵਰਤੋ ਵੀ ਬਹੁਤ ਲਾਹੇਵੰਦ ਸਾਬਿਤ ਹੁੰਦੀ ਹੈ। ਪੰਜਾਬ ਸਰਕਾਰ ਲਗਾਤਾਰ ਖਾਦਾਂ ਦੀ ਸਪਲਾਈ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਵਿੱਚ ਹੈ ਅਤੇ ਸਮੇਂ ਸਿਰ ਖਾਦਾਂ ਦੀ ਸਪਲਾਈ ਕੀਤੀ ਜਾਵੇਗੀ।