ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸੀ.ਬੀ.ਐਸ.ਈ ਬੋਰਡ ਵੱਲੋਂ ਉਲੀਕੇ ਪ੍ਰੋਗਰਾਮ ਰਾਸ਼ਟਰੀ ਯੁਵਕ ਸੰਸਦ ਮੁਕਾਬਲਾ (ਐਡੀਸ਼ਨ 4) ਦਾ ਦ੍ਰਿਸ਼ ਪੇਸ਼ ਕੀਤਾ ਗਿਆ

ਮੋਗਾ, 23 ਅਗਸਤ ( ਜਸ਼ਨ) ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਦੀ ਅਗਵਾਈ ਹੇਠ ਰਾਸ਼ਟਰੀ ਯੁਵਕ ਸੰਸਦ ਪ੍ਰੋਗਰਾਮ (ਕਿਸ਼ੋਰ ਸਭਾ) ਆਯੋਜਿਤ ਕੀਤਾ ਗਿਆ। ਸਕੂਲ ਦੇ ਲਗਭਗ 55 ਵਿਦਿਆਰਥੀਆਂ ਨੇ ਸੰਸਦ ਦੀ ਇਸ ਕਾਰਵਾਈ ਵਿੱਚ ਹਿੱਸਾ ਲਿਆ ਅਤੇ ਇੱਕ ਸੁਯੋਗ ਨੇਤਾ ਦੀ ਭੂਮਿਕਾ ਅਦਾ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ; ਆਉਣ ਵਾਲੀ ਪੀੜ੍ਹੀ ਵਿੱਚ ਚੰਗੇ ਨਾਗਰਿਕ ਤੇ ਸੂਝਵਾਨ  ਨੇਤਾ ਪੈਦਾ ਕਰਨਾ; ਨੌਜਵਾਨ ਪੀੜ੍ਹੀ ਵਿੱਚ ਅਨੁਸ਼ਾਸਨ, ਅਗਵਾਈ ਅਤੇ ਸਹਿਣਸ਼ੀਲਤਾ ਦੀ ਭਾਵਨਾ ਨੂੰ ਵਧਾਉਣਾ ਸੀ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ। ਵਿਦਿਆਰਥੀਆਂ ਨੇ ਵਿਰੋਧੀ ਧਿਰ, ਸੱਤਾਧਾਰੀ ਪਾਰਟੀ, ਲੋਕ ਸਭਾ ਸਪੀਕਰ, ਸੈਕਟਰੀ ਦੇ ਰੂਪ ਵਿੱਚ ਆਪਣੀ ਆਪਣੀ ਭੂਮਿਕਾ ਨਿਭਾਈ। ਨੇਤਾ ਬਣੇ ਵਿਦਿਆਰਥੀਆਂ ਨੇ ਦੇਸ਼ ਦੇ ਪ੍ਰਮੁੱਖ ਮੁੱਦਿਆਂ  ਅੰਦਰੂਨੀ ਸੁਰੱਖਿਆ, ਮਨੁੱਖੀ ਅਧਿਕਾਰ, ਜੰਗਲ ਅਤੇ ਵਾਤਾਵਰਨ, ਇਨਫਰਮੇਸ਼ਨ ਟੈਕਨੋਲੋਜੀ, ਸੜਕਾਂ ਅਤੇ ਆਵਾਜਾਈ, ਔਰਤਾਂ ਵਿਰੁੱਧ ਜੁਰਮ, ਇੱਕ ਰਾਸ਼ਟਰ ਇੱਕ ਚੋਣ ਆਦਿ ਤੇ ਵਿਸ਼ੇਸ਼ ਚਰਚਾ ਕੀਤੀ। ਸੰਸਦ ਦੀ ਕਾਰਵਾਈ ਪੂਰੇ 55 ਮਿੰਟ ਤੱਕ ਚੱਲੀ । ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਨੇਤਾ ਦੇ ਰੂਪ ਵਿੱਚ ਆਪਣੇ ਰੋਲ ਨੂੰ ਬਾਖ਼ੂਬੀ ਨਿਭਾਇਆ। ਇਸ ਪ੍ਰੋਗਰਾਮ ਦੀ ਪੂਰੀ ਵੀਡੀਓ ਤਿਆਰ ਕੀਤੀ ਗਈ ਹੈ ਜਿਸ ਦੀ ਰਿਪੋਰਟ ਸੀ.ਬੀ.ਐਸ.ਈ ਬੋਰਡ ਦੇ ਨਾਲ ਨਾਲ ਸੰਸਦ ਮਾਮਲਿਆਂ ਦੇ ਮੰਤਰੀ ਨੂੰ ਵੀ ਭੇਜੀ ਜਾਵੇਗੀ ਜਿੱਥੇ ਇਸ ਵੀਡੀਓ ਦੀ ਤਸਦੀਕ ਅਤੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ  ਪ੍ਰਿੰਸੀਪਲ ਨੂੰ ਡਿਜੀਟਲ ਸਰਟੀਫਿਕੇਟ ਦਿੱਤੇ ਜਾਣਗੇ। ਇਸ ਪ੍ਰੋਗਰਾਮ ਵਿੱਚ ਬੀ. ਬੀ. ਐਸ. ਸੰਸਥਾਵਾਂ ਦੇ ਚੇਅਰਮੈਨ ਸ੍ਰੀ ਸੰਜੀਵ ਸੈਣੀ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਡਾਕਟਰ ਕੁਲਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ ਮਿਊਂਸੀਪਲ ਕਾਰਪੋਰੇਸ਼ਨ ਮੋਗਾ, ਇੰਦਰਜੀਤ ਸਿੰਘ ਗਿੱਲ ਸਾਬਕਾ ਚੇਅਰਮੈਨ ਪਲੈਨਿੰਗ ਬੋਰਡ, ਨਿਧੜਕ ਸਿੰਘ ਬਰਾੜ ਸਾਬਕਾ ਕਮਿਸ਼ਨਰ ਆਰ.ਟੀ.ਆਈ, ਬਲਜੀਤ ਸਿੰਘ ਚਾਨੀ ਮੇਅਰ ਮੋਗਾ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਇੰਦਰਪ੍ਰੀਤ ਸਿੰਘ ਬੱਬੀ, ਸੰਨੀ ਗਿੱਲ ਹਲਕਾ ਇੰਚਾਰਜ ਅਤੇ ਮੈਡਮ ਜੱਸ ਢਿੱਲੋ ਸੋਸ਼ਲ ਵਰਕਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਨ੍ਹਾਂ ਸਾਰੀਆਂ ਨਾਮਵਰ ਸ਼ਖਸ਼ੀਅਤਾਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਭਵਿੱਖ ਵਿੱਚ ਆਪਣੇ ਦੇਸ਼ ਵਿੱਚ ਰਹਿੰਦੇ ਹੋਏ ਰਾਜਨੀਤੀ ਵਿੱਚ ਸੇਵਾ ਕਰਨ ਲਈ ਵੀ ਪ੍ਰੇਰਿਆ। ਡਾਕਟਰ ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਵਿੱਚੋਂ ਕਈ ਵਿਦਿਆਰਥੀ ਭਾਰਤੀ ਸੰਸਦ ਤੱਕ ਪਹੁੰਚਣਗੇ ਸਰਦਾਰ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਵਿਦਿਆਰਥੀਆਂ ਨੇ ਬਖੂਬੀ ਪਾਰਲੀਮੈਂਟ ਚਲਾਈ ਹੈ ਉਹਨਾਂ ਨੇ ਕਿਹਾ ਕਿ ਜਿੰਨੇ ਡਿਸਿਪਲਿਨ ਵਿਚ ਪਾਰਲੀਮੈਂਟ ਦਾ ਆਯੋਜਨ ਕੀਤਾ ਗਿਆ ਉਸ ਤੋਂ ਸਾਡੇ ਪਾਰਲੀਮੈਂਟ ਮੈਂਬਰ ਨੂੰ ਸਿੱਖਣਾ ਚਾਹੀਦਾ ਹੈ ਚੇਅਰਮੈਨ ਦਵਿੰਦਰ ਪਾਲ ਸਿੰਘ ਨੇ ਪ੍ਰਿੰਸੀਪਲ ਅਤੇ ਸਟਾਫ ਨੂੰ ਜਬਰਦਸਤ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵਧੀਆ ਪ੍ਰੋਗਰਾਮ ਕਰਵਾਉਣ ਲਈ ਉਤਸਾਹਿਤ ਕੀਤਾ ।