ਗ੍ਰਾਮ ਪੰਚਾਇਤ ਚੋਣਾਂ ਲਈ ਵੋਟ ਬਣਾਉਣ /ਵੋਟ ਕੱਟਣ ਅਤੇ ਹੋਰ ਤਬਦੀਲੀ ਲਈ 20, 21, 22 ਅਗਸਤ ਨੂੰ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ
* ਵੱਧ ਤੋਂ ਵੱਧ ਯੋਗ ਵੋਟਰ/ ਵਿਅਕਤੀ ਲੈਣ ਇਸ ਮੁਹਿੰਮ ਦਾ ਲਾਹਾ -ਡਿਪਟੀ ਕਮਿਸ਼ਨਰ
ਮੋਗਾ 18 ਅਗਸਤ—( ਜਸ਼ਨ ) ਰਾਜ ਵਿੱਚ ਹੋਣ ਵਾਲੀਆਂ ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਲਈ ਰਾਜ ਚੋਣ ਕਮਿਸ਼ਨ ਵਲੋਂ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਯੋਗਤਾ ਮਿਤੀ 1-1-2023 ਦੇ ਆਧਾਰ ਤੇ ਮਿਤੀ 7 ਜਨਵਰੀ 2024 ਨੂੰ ਅੰਤਿਮ ਪ੍ਰਕਾਸ਼ਨਾ ਕਰਵਾਈ ਜਾ ਚੁੱਕੀ ਹੈ। ਇਨਾਂ ਵੋਟਰ ਸੂਚੀਆਂ ਦੀ ਮਿਤੀ 29 ਦਸੰਬਰ 2023 ਤੱਕ ਜਿਲ੍ਹਿਆਂ ਦੇ ਸਬੰਧਤ ਚੋਣ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਆਮ ਜਨਤਾ ਤੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਕੇ 5 ਜਨਵਰੀ 2024 ਨੂੰ ਉਨਾਂ ਦਾ ਨਿਪਟਾਰਾ ਕਰਕੇ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਪਵਿਤਰਤਾ ਨੂੰ ਬਰਕਰਾਰ ਰੱਖਦੇ ਹੋਏ ਅਤੇ ਇਹ ਯਕੀਨੀ ਬਣਾਉਣ ਲਈ ਕਿ ਹੁਣ ਸਾਰੇ ਯੋਗ ਵੋਟਰ ਵੋਟਰ ਸੂਚੀਆਂ ਵਿੱਚ ਆਪਣਾ ਨਾਮ ਦਰਜ ਕਰਵਾ ਸਕਣ ਦੀ ਰਾਜ ਚੋਣ ਕਮਿਸ਼ਨ ਵਲੋਂ ਹਦਾਇਤ ਪ੍ਰਾਪਤ ਹੋਈ ਹੈ। ਉਨਾਂ ਦੱਸਿਆ ਕਿ ਇਸ ਕੰਮ ਲਈ 20 ਅਗਸਤ, 21 ਅਗਸਤ ਅਤੇ 22 ਅਗਸਤ 2024 ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਆਮ ਜਨਤਾ ਤੋਂ ਫਾਰਮ ਨੰਬਰ 1, 2 ਅਤੇ 3 ਕ੍ਰਮਵਾਰ ਵੋਟਾਂ ਬਣਾਉਣ, ਕੱਟਣ ਅਤੇ ਵੋਟਾਂ ਵਿੱਚ ਪਤੇ ਦੀ ਤਬਦੀਲੀ ਜਾਂ ਕੋਈ ਹੋਰ ਸੋਧ ਕਰਨ ਲਈ, ਇਤਰਾਜ ਪ੍ਰਾਪਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਨਾਂ ਦੱਸਿਆ ਕਿ ਇਹ ਫਾਰਮ ਸਾਰੇ ਚੋਣ ਰਜਿਸਟਰੇਸ਼ਨ ਅਫਸਰਾਂ (ਐਸ.ਡੀ.ਐਮਜ਼ ) ਦੇ ਦਫ਼ਤਰਾਂ ਵਿੱਚ ਉਪਲੱਭਧ ਹਨ ਜਾਂ ਇਨਾਂ ਨੂੰ ਕਮਿਸ਼ਨ ਦੀ ਵੈਬਸਾਈਟ <sec.punjab.gov.in> ਤੋਂ "Panchayat Elections >Statutory Forms" ਤੋਂ ਡਾਉਨਲੋਡ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ।