ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

 ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਗਈਆਂ ਕਿਸਾਨ ਹਿੱਤ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ
ਬੱਧਣੀ/ਮੋਗਾ, 17 ਜੁਲਾਈ (JASHAN ) -
ਕਿਸਾਨਾਂ ਨੂੰ ਮਿਆਰੀ ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਾਉਣ, ਸਾਉਣੀ ਦੀਆਂ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ, ਵਾਤਾਵਰਣ ਬਚਾਉਣ, ਅਣਮੋਲ ਖਜ਼ਾਨਾ ਪਾਣੀ ਦੀ ਸੁਚੱਜੀ ਵਰਤੋ ਕਰਨ, ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਮਿੱਟੀ ਪਰਖ ਦੀ ਮਹੱਤਤਾ ਸਬੰਧੀ ਕਿਸਾਨਾਂ ਨੂੰ ਜਾਗ੍ਰਿਤ ਕਰਨ ਦੇ ਸੰਦਰਭ ਵਿਚ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ, ਸੰਤ ਆਸ਼ਰਮ, ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਮੋਗਾ ਵੱਲੋਂ ਲਗਾਇਆ ਗਿਆ। ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਕੀਰਤ ਕੌਰ ਚਾਨੇ ਵੱਲੋ ਕੀਤਾ ਗਿਆ। 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਜਿਨ੍ਹਾਂ ਵਿਚ ਡਾ. ਅਮਨਦੀਪ ਸਿੰਘ ਵੱਲੋਂ ਪਾਣੀ ਅਤੇ ਫ਼ਸਲਾਂ ਲਈ ਜ਼ਰੂਰੀ ਤੱਤਾਂ ਸਬੰਧੀ, ਡਾ: ਮਨਪ੍ਰੀਤ ਜੈਦਕਾ ਸਾਉਣੀ ਦੀਆਂ ਫਸਲਾਂ ਦੇ ਕੀੜੇ ਮਕੌੜਿਆਂ, ਡਾ. ਪ੍ਰੇਰਨਾ ਠਾਕੁਰ ਨੇ ਸਬਜ਼ੀਆਂ ਦੀ ਕਾਸ਼ਤ, ਡਾ. ਰਮਨਦੀਪ ਕੌਰ ਨੇ ਫੂਡ ਪ੍ਰੋਸੈਸਿੰਗ, ਪੈਕਿੰਗ ਅਤੇ ਮਾਰਕੀਟਿੰਗ, ਡਾ. ਪ੍ਰਭਜੋਤ ਕੌਰ ਨੇ ਪਸ਼ੂਆਂ ਵਿਚ ਸੰਤੁਲਤ ਖੁਰਾਕ ਅਤੇ ਬਿਮਾਰੀਆਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। 
ਇਸ ਸਮੇਂ ਡਾ. ਨਰਿੰਦਰਪਾਲ ਸਿੰਘ ਬੇਨੀਪਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਕਿਸਾਨ ਹਿੱਤ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਸਾਉਣੀ ਸੀਜ਼ਨ ਦੌਰਾਨ ਵਰਤੀਆਂ ਜਾਣ ਵਾਲੀਆਂ ਖਾਦਾਂ, ਪੈਸਟੀਸਾਈਡਜ਼ ਅਤੇ ਬੀਜਾਂ ਦੇ ਵਿਭਾਗ ਵੱਲੋਂ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਨੂੰ ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਵੀ ਮੁਹੱਈਆ ਕਰਵਾਈ ਗਈ ਹੈ।
ਡਾ. ਜਸਵਿੰਦਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਕਿਸਾਨ ਸਿਖਲਾਈ ਕੈਂਪ ਵਿਚ ਆਏ ਸੀਨੀਅਰ ਅਧਿਕਾਰੀਆਂ, ਪੀ.ਏ.ਯੂ ਦੀ ਸਮੁੱਚੀ ਟੀਮ, ਕਿਸਾਨਾਂ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਆਏ ਅਫ਼ਸਰ ਸਹਿਬਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੀ ਸੇਵਾ ਵਿਚ ਹਾਜਰ ਹੈ ਅਤੇ ਮਾਨਯੋਗ ਸ੍ਰ. ਗੁਰਮੀਤ ਸਿੰਘ  ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਕਿਸਾਨ ਨੂੰ ਉਚ ਮਿਆਰ ਦੀਆਂ ਦਵਾਈਆਂ, ਖਾਦਾਂ ਅਤੇ ਬੀਜ ਮੁੱਹਈਆ ਕਰਾਉਣ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਖੇਤੀ ਇਨਪੁਟਸ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਖਾਦ ਦੇ ਨਾਲ ਕਿਸੇ ਵੀ ਬੇਲੋੜੇ ਸਮਾਨ ਦੀ ਟੈਗਿੰਗ ਨਹੀ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਫਸਲ ਹੇਠ ਰਕਬਾ ਘਟਾ ਕੇ ਹੋਰ ਫ਼ਸਲਾਂ ਦੀ ਬਿਜਾਈ ਕਰਨ ਦੀ ਵੀ ਅਪੀਲ ਕੀਤੀ। ਨਰਮੇ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਜ਼ਿਲ੍ਹੇ ਵਿਚ 60 ਹੈਕਟੇਅਰ ਰਕਬੇ ਵਿਚ ਨਰਮੇ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ 50 ਹੈਕਟੇਅਰ ਰਕਬੇ ਦੀਆਂ ਮੱਕੀ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਜ਼ਮੀਨ ਸੁਧਾਰ ਪ੍ਰੋਗਰਾਮ ਅਧੀਨ ਜਿਪਸਮ 50 ਪ੍ਰਤੀਸ਼ਤ ਉਪਦਾਨ ਤੇ ਦਿੱਤੀ ਜਾ ਰਹੀ ਹੈ। ਉਨਾਂ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਲਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਵੇਖੋ ਵੇਖੀ ਜ਼ਹਿਰਾਂ ਅਤੇ ਖਾਦਾਂ ਦੀ ਵਰਤੋ ਨਾ ਕਰਨ। ਇਸ ਸਬੰਧੀ ਖੇਤੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਹੀ ਸਪਰੇਆਂ ਕਰਨ। ਕਿਸਾਨ ਸਿਖਲਾਈ ਕੈਂਪ ਵਿਚ ਖੇਤੀ ਵਿਭਾਗ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਅਲਾਈਡ ਵਿਭਾਗਾਂ ਦੇ ਅਧਿਕਾਰੀਆਂ ਅਤੇ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਵੱਖ ਵੱਖ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਗਿਆ ਜਿਨ੍ਹਾਂ ਨੂੰ ਕਿਸਾਨਾਂ ਨੇ ਬੜੀ ਤੀਬਰਤਾ ਨਾਲ ਵੇਖਿਆ। ਸਟੇਜ ਦਾ ਸੰਚਾਲਨ ਡਾ. ਨਵਦੀਪ ਜੋੜਾ ਅਤੇ ਡਾ. ਬਲਜਿੰਦਰ ਸਿੰਘ ਨੇ ਨਿਭਾਇਆ।