ਸਵੀਪ ਟੀਮ ਵੱਲੋਂ ਸ਼ੋਸ਼ਲ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਐੱਸ ਡੀ ਮਾਡਲ ਸਕੂਲ ਵਿੱਚ ਸਵੀਪ ਗਤੀਵਿਧੀ ਆਯੋਜਿਤ

ਮੋਗਾ, 18 ਮਈ: ( ਜਸ਼ਨ ) 1 ਜੂਨ 2024 ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਅਤੇ ਸਵੀਪ ਨੋਡਲ ਅਫ਼ਸਰ-ਕਮ-ਸਹਾਇਕ ਕਮਿਸ਼ਨਰ (ਜ਼) ਸ਼ੁਭੀ ਆਂਗਰਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਤਹਿਤ ਅੱਜ ਸਵੀਪ ਟੀਮ ਵੱਲੋਂ ਸ਼ੋਸ਼ਲ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਐੱਸ ਡੀ ਮਾਡਲ ਸਕੂਲ ਮੋਗਾ ਵਿੱਚ ਸਵੀਪ ਗਤੀਵਿਧੀ ਆਯੋਜਿਤ  ਕੀਤੀ ਗਈ। ਇਸ ਮੌਕੇ ਸਹਾਇਕ ਸਵੀਪ ਨੋਡਲ ਅਫ਼ਸਰ ਪ੍ਰੋ ਗੁਰਪ੍ਰੀਤ ਸਿੰਘ ਘਾਲੀ ਨੇ ਵਿਦਿਆਰਥੀ ਨੂੰ ਕਿਹਾ ਕਿ ਉਹ ਆਪਣੇ ਮਾਪਿਆਂ/ ਭੈਣ ਭਰਾਵਾਂ ਨੂੰ ਵੋਟ ਪਾਉਣ ਲਈ ਕਹਿਣ।
ਇਸ ਮੌਕੇ  ਜ਼ਿਲ੍ਹਾ ਦੀ ਸਵੀਪ ਟੀਮ ਨਾਲ ਸੋਸ਼ਲ ਵੈਲਫੇਅਰ ਮੈਂਬਰ ਓ ਪੀ ਕੁਮਾਰ, ਅਸ਼ੋਕ ਕੁਮਾਰ, ਸਕੂਲ ਸਟਾਫ਼, ਨੀਰਜ ਗੁਪਤਾ ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਵੀ ਹਾਜ਼ਰ ਸਨ ।
ਪ੍ਰੋ ਗੁਰਪ੍ਰੀਤ ਸਿੰਘ ਘਾਲੀ ਨੇ  ਦੱਸਿਆ ਕਿ  ਵਿਦਿਆਰਥੀ ਆਪਣੇ ਮਾਪਿਆਂ ਭੈਣ ਭਰਾਵਾਂ ਨੂੰ ਲੋਕਾਂ ਨੂੰ ਵੋਟਾਂ ਵਾਲੇ ਦਿਨ ਬੂਥਾਂ ਉੱਪਰ ਮਿਲਣ ਵਾਲੀਆਂ ਹਰੇਕ ਮੁੱਢਲੀਆਂ ਸਹੂਲਤਾਂ ਬਾਰੇ ਦੱਸਣ ਤਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਉਹਨਾਂ ਦੱਸਿਆ ਕਿ ਬੂਥਾਂ ਉੱਪਰ ਸ਼ਾਮਿਆਨੇ ਦਾ ਪ੍ਰਬੰਧ ਹੋਵੇਗਾ ਤਾਂ ਕਿ ਵੋਟਰਾਂ ਨੂੰ ਧੁੱਪ ਤੋਂ ਬਚਾਇਆ ਜਾ ਸਕੇ। ਲਾਈਨ ਵਿੱਚ ਲੱਗ ਕੇ ਜਿਆਦਾ ਸਮਾਂ ਇੰਤਜਾਰ ਨਾ ਕਰਨਾ ਪਵੇ ਇਸ ਲਈ ਬੈਠਣ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰੋਂ ਲੈ ਕੇ ਅਤੇ ਛੱਡ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬੂਥ ਉੱਪਰ ਗਰਮੀ ਤੋਂ ਬਚਾਅ ਵਾਸਤੇ ਪੱਖੇ ਕੂਲਰ ਆਦਿ ਦਾ ਵੀ ਪ੍ਰਬੰਧ ਹੋਵੇਗਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ। ਵਲੰਟੀਅਰ ਵੋਟਰਾਂ ਦੀ ਜ਼ਰੂਰਤ ਅਨੁਸਾਰ ਸਹਾਇਤਾ ਵੀ ਕਰਨਗੇ  ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿ ਕੋਈ ਵੀ ਅਜਿਹਾ ਵੋਟਰ ਜਿਸ  ਕੋਲ ਵੋਟਰ ਕਾਰਡ ਨਹੀਂ ਵੀ ਹੈ ਉਹ ਆਪਣੀ ਵੋਟ ਦਾ ਇਸਤੇਮਾਲ ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ 12 ਡਾਕੂਮੈਂਟਸ ਵਿੱਚੋਂ ਕਿਸੇ ਇੱਕ ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦਾ ਹੈ ਇਨ੍ਹਾਂ 12 ਡਾਕੂਮੈਂਟਸ ਵਿੱਚ ਪਾਸਪੋਰਟ, ਆਧਾਰ ਕਾਰਡ, ਮਨਰੇਗਾ ਨੌਕਰੀ ਕਾਰਡ, ਪੈਨ ਕਾਰਡ, ਪਾਸਬੁੱਕ, ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਸਰਵਿਸ ਪਛਾਣ ਪੱਤਰ, ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼, ਅਧਿਕਾਰਤ ਪਛਾਣ ਪੱਤਰ, ਵਿਲੱਖਣ ਦਿਵਿਆਂਗਤਾ ਸ਼ਨਾਖਤ ਕਾਰਡ ਸ਼ਾਮਿਲ ਹਨ।
ਇਸ  ਸਮੇਂ ਵੋਟਾਂ ਸੰਬੰਧੀ ਐਪਸ ਜਿਵੇਂ ਕਿ ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਸੀ ਵਿਜ਼ਲ ਐਪ, ਕੇ.ਵਾਈ.ਸੀ. ਐਪ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ।  ਵੋਟਰ ਹੈਲਪ ਲਾਈਨ ਨੰਬਰ 1950 ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਜੇਕਰ ਉਹ ਵੋਟਾਂ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹਨ ਤਾਂ ਇਸ ਨੰਬਰ ਉਪਰ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।