ਲੋਕ ਸਭਾ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਲਈ, ਮੈਂ ਪੰਜਾਬ ਦੀ ਆਵਾਜ਼ ਬਣਾਂਗਾ : ਹੰਸਰਾਜ ਹੰਸ
*ਮੀਡੀਆ ਨੂੰ ਰਾਸ਼ਟਰਵਾਦ, ਸੱਚਾਈ ਦੇ ਮੁੱਦੇ ਲੋਕਾਂ ਸਾਹਮਣੇ ਲਿਆਉਣੇ ਚਾਹੀਦੇ ਹਨ ਡਾ: ਸੀਮਾਂਤ ਗਰਗ
ਮੋਗਾ, 6 ਮਈ (ਜਸ਼ਨ)- ‘‘ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਦਰਦ ਨੂੰ ਸਮਝਣ ਅਤੇ ਉਨ੍ਹਾਂ ਦੇ ਦਿਲਾਂ ਵਿਚ ਵਸਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮੈਨੂੰ ਰਾਜਦੂਤ ਬਣਾਉਂਦਿਆਂ , ਪੰਜਾਬ ਦੀ ਲੋਕ ਸਭਾ ਸੀਟ ਫਰੀਦਕੋਟ ਤੋਂ ਚੋਣ ਲੜਨ ਲਈ ਥਾਪੜਾ ਦਿੱਤੈ । ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੇ ਕੱਲ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਹੰਸਰਾਜ ਹੰਸ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ ਦੀ ਅਗਵਾਈ ਹੇਠ ਰੀਜੈਂਸੀ ਰਿਜ਼ੋਰਟ ਵਿਖੇ ਮੋਗਾ ਵਿਖੇ ਮੋਗਾ ਜ਼ਿਲ੍ਹੇ ਦੇ ਸਮੁੱਚੇ ਪੱਤਰਕਾਰਾਂ ਨਾਲ ਪ੍ਰੈੱਸ ਮਿਲਣੀ ਦੌਰਾਨ ਕੀਤਾ । ਉਹਨਾਂ ਆਖਿਆ ਕਿ ਉਹ ਦਿੱਲੀ ਤੋਂ ਵੀ ਚੋਣ ਲੜ ਸਕਦੇ ਸਨ ਪਰ ਉਹਨਾਂ ਪੰਜਾਬ ਦੀ ਉਹ ਮੁਕੱਦਸ ਧਰਤੀ ਨੂੰ ਆਪਣੀ ਕ੍ਰਮ ਭੂਮੀ ਵਜੋਂ ਚੁਣਿਆ ਜਿਹੜੀ ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਲੋਕਾਂ ਲਈ ਪਿਆਰ ਹੈ, ਉਸ ਨੂੰ ਸਮਝਦਿਆਂ ਉਹ ਮੀਡੀਆ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਦੇਸ਼ ਦੀ ਵਾਗਡੋਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਸੌਂਪਣ ਲਈ ਸਹਿਯੋਗ ਕਰਨ ਤਾਂ ਕਿ ਮਜਬੂਤ ਰਾਸ਼ਟਰ ਦੀ ਨੀਂਹ ਰੱਖੀ ਜਾ ਸਕੇ। ਹੰਸਰਾਜ ਹੰਸ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਅਜਿਹੇ ਨਿਡਰ ਨੇਤਾ ਹਨ, ਜੋ ਰਾਸ਼ਟਰੀ ਮੁੱਦਿਆਂ ਅਤੇ ਵਿਦੇਸ਼ ਨੀਤੀ ਬਾਰੇ ਦਲੇਰੀ ਨਾਲ ਫੈਸਲੇ ਲੈਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੇ ਸਮਰੱਥ ਹਨ । ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਤਸ਼ਾਹ ਅਤੇ ਉਨ੍ਹਾਂ ਵੱਲੋਂ ਦੇਸ਼ ਦੇ ਲੋਕਾਂ ਲਈ ਬਣਾਈਆਂ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਅਤੇ ਉਨ੍ਹਾਂ ਦਾ ਲਾਭ ਦੇਸ਼ ਦੇ ਛੋਟੇ ਤੋਂ ਛੋਟੇ ਪਿੰਡਾਂ ਦੇ ਲੋਕਾਂ ਤੱਕ ਵੀ ਪਹੁੰਚਣ ਸਦਕਾ ਹੀ ਅੱਜ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਦੇ ਕੰਮਾਂ ਤੋਂ ਸੰਤੁਸ਼ਟ ਹਨ। ਉਹਨਾਂ ਆਖਿਆ ਕਿ ਨਰਿੰਦਰ ਮੋਦੀ ਅਤੇ ਕਾਂਗਰਸ, ਅਕਾਲੀ ਵਿਚ ਸ਼ਾਮਲ ਹੋ ਰਹੇ ਹਨ, ਤੁਸੀਂ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਕੇ ਆਪਣਾ ਭਵਿੱਖ ਦੇਖ ਰਹੇ ਹੋ।
ਸਾਂਸਦ ਹੰਸਰਾਜ ਹੰਸ ਨੇ ਕਿਹਾ ਕਿ ਕਿਸਾਨ ਇਕੱਲੇ ਫਰੀਦਕੋਟ ਹਲਕੇ ਤੋਂ ਉਹਨਾਂ ਦਾ ਵਿਰੋਧ ਕਿਉਂ ਕਰ ਰਹੇ ਹਨ ਜਦਕਿ ਪੰਜਾਬ ਵਿੱਚ 13 ਲੋਕ ਸਭਾ ਹਲਕੇ ਹਨ ਪਰ ਕਿਸੇ ਵੀ ਹਲਕੇ ਵਿੱਚ ਕਿਸਾਨਾਂ ਦਾ ਇੰਨਾ ਵਿਰੋਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਤੇ ਕਿਸਾਨਾਂ ਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਕੜੀ ਵਜੋਂ ਕੰਮ ਕਰ ਸਕਦੇ ਹਨ ਪਰ ਧਰਨਾਕਾਰੀ, ਕਿਸਾਨੀ ਮਸਲਿਆਂ ਨੂੰ ਹੱਲ ਕਰਨ ਵੱਲ ਨਹੀਂ ਵਧ ਰਹੇ, ਸਗੋਂ ਕਿਸਾਨਾਂ ਦੇ ਮਸਲਿਆਂ ਨੂੰ ਉਲਝਾਉਣ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌ ਰਾਜ ਸਭਾ ਮੈਂਬਰ ਦਿੱਲੀ ਭੇਜੇ ਅਤੇ ਕਿਸੇ ਵਿੱਚ ਵੀ ਪੰਜਾਬ ਦੇ ਮੁੱਦੇ ਉਠਾਉਣ ਦੀ ਹਿੰਮਤ ਨਹੀਂ ਹੈ। ਉਹਨਾਂ ਆਖਿਆ ਕਿ ਪੰਜਾਬ ਅਮਨ-ਕਾਨੂੰਨ, ਆਰਥਿਕ ਸਥਿਤੀ ਅਤੇ ਵਿਕਾਸ ਪੱਖੋਂ ਤਬਾਹੀ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਦੌਰਾਨ ਵੀ ਅਕਾਲੀਆਂ ਨੇ ਕਦੇ ਵੀ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਅਤੇ ਨਾ ਹੀ ਪੰਜਾਬ ਦੇ ਮਸਲੇ ਉਠਾਏ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਤਾਂ ਗੱਲ ਹੀ ਛੱਡੋ, ਉਨ੍ਹਾਂ ਦੇ ਆਗੂ ਵੀ ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਵਰਗੇ ਤਿੰਨ ਵਾਰ ਸੰਸਦ ਮੈਂਬਰ ਬਣੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਲਈ ਲੋਕ ਸਭਾ ਚੋਣਾਂ ਪੰਜਾਬ ਦੇ ਲੋਕਾਂ ਲਈ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਲਿਆਉਣ ਦਾ ਸੁਨਹਿਰੀ ਮੌਕਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਭਲਾਈ ਅਤੇ ਤਰੱਕੀ ਲਈ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਦੇਸ਼ ਪ੍ਰਤੀ ਦੇਸ਼ ਭਗਤੀ, ਸੱਚਾਈ ਅਤੇ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਦੇਸ਼ ਦੀ ਤਰੱਕੀ ਦੇ ਮੁੱਦੇ ਵੀ ਲੋਕਾਂ ਸਾਹਮਣੇ ਰੱਖਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵਿਕਾਸਸ਼ੀਲ ਭਾਰਤ ਦਾ ਮਾਸਟਰ ਕਿਹਾ ਜਾਂਦਾ ਹੈ ਅਤੇ ਸਾਨੂੰ ਅਜਿਹੇ ਜਰਨੈਲ ਆਗੂਆਂ ਦੀਆਂ ਨੀਤੀਆਂ ਦਾ ਲਾਭ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ ਨੇ ਹਾਜ਼ਰ ਇਲੈਕਟ੍ਰਾਨਿਕ ਅਤੇ ਪਿ੍ਰੰਟ ਮੀਡੀਆ ਦੇ ਸਾਰੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੀਡੀਆ ਆਪਣੀ ਨਿਰਪੱਖ ਕਲਮ ਨਾਲ ਪ੍ਰਧਾਨ ਮੰਤਰੀ ਵੱਲੋਂ ਦੇਸ਼ ਲਈ ਕੀਤੇ ਜਾ ਰਹੇ ਕੰਮਾਂ ਨੂੰ ਲੋਕਾਂ ਸਾਹਮਣੇ ਲਿਆਉਣ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ 2014 ਵਿੱਚ ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ ਜੋ ਇਤਿਹਾਸਕ ਕੀਤੇ ਹਨ ਲੋਕ ਉਸ ਗੱਲ ਦੀ ਕਦਰ ਕਰਦੇ ਨੇ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਹਮੇਸ਼ਾ ਹੀ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਦੇਸ਼ ਦੇ ਹਿੱਤ ਵਿੱਚ ਜੋ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ, ਉਨ੍ਹਾਂ ਸਦਕਾ ਅੱਜ ਸਾਡੇ ਦੇਸ਼ ਦੇ ਦੂਰ-ਦੁਰਾਡੇ ਅਤੇ ਛੋਟੇ ਤੋਂ ਛੋਟੇ ਪਿੰਡਾਂ ਤੱਕ ਵੀ ਬਿਜਲੀ, ਪੀਣ ਵਾਲਾ ਸਾਫ਼ ਪਾਣੀ ਅਤੇ ਹੋਰ ਆਧੁਨਿਕ ਸਹੂਲਤਾਂ ਪਹੁੰਚ ਗਈਆਂ ਹਨ ਅਤੇ ਸਾਡਾ ਦੇਸ਼ ਹੁਣ ਤਰੱਕੀ ਦੇ ਰਾਹ ‘ਤੇ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਸਮਰੱਥਾ ਨੂੰ ਸਾਬਤ ਕਰ ਰਹੇ ਹਨ ਅਤੇ ਭਾਰਤ ਵਿੱਚ ਵੀ ਵਿਦੇਸ਼ੀ ਕੰਪਨੀਆਂ ਸਾਡੇ ਨੌਜਵਾਨਾਂ ਦੀ ਕਾਬਲੀਅਤ ਦਾ ਫਾਇਦਾ ਉਠਾ ਰਹੀਆਂ ਹਨ।
ਉਨ੍ਹਾਂ ਪੰਜਾਬ ਦੀ ਤਰੱਕੀ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ 1 ਜੂਨ ਨੂੰ ਸੰਸਦ ਮੈਂਬਰ ਹੰਸਰਾਜ ਹੰਸ ਦੇ ਭਾਜਪਾ ਦੇ ਚੋਣ ਨਿਸ਼ਾਨ ਕਮਲ ‘ਤੇ ਮੋਹਰ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ, ਭਾਜਪਾ ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਫ਼ਰੀਦਕੋਟ ਲੋਕ ਸਭਾ ਹਲਕੇ ਦੇ ਸਹਿ ਇੰਚਾਰਜ ਵਿਜੇ ਸ਼ਰਮਾ, ਫ਼ਰੀਦਕੋਟ ਲੋਕ ਸਭਾ ਹਲਕੇ ਦੇ ਆਈ.ਟੀ. ਸੈੱਲ ਇੰਚਾਰਜ ਦੇਵਪਿ੍ਰਆ ਤਿਆਗੀ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਾਬਕਾ ਐੱਸ.ਪੀ. ਮੁਖਤਿਆਰ ਸਿੰਘ, ਜਨਰਲ ਸਕੱਤਰ ਵਿੱਕੀ ਸੀ ਤਾਰਾ, ਜਨਰਲ ਸਕੱਤਰ ਰਾਹੁਲ ਗਰਗ, ਸਰਪੰਚ ਮਨਿੰਦਰ ਕੌਰ , ਸਟੇਜ ਸੰਚਾਲਕ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਸੀਨੀਅਰ ਆਗੂ ਰਾਕੇਸ਼ ਭੱਲਾ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਸੂਦ, ਜਨਰਲ ਸਕੱਤਰ ਕਸ਼ਿਸ਼ ਧਮੀਜਾ, ਆਈ.ਟੀ. ਸੈਲ ਦੇ ਇੰਚਾਰਜ ਮੁਕੇਸ਼ ਸ਼ਰਮਾ, ਮੰਡਲ ਪ੍ਰਧਾਨ ਅਮਿਤ ਗੁਪਤਾ, ਮੀਤ ਪ੍ਰਧਾਨ ਸੋਨੀ ਮੰਗਲਾ, ਭੁਪਿੰਦਰ ਹੈਪੀ, ਹੇਮੰਤ ਸੂਦ, ਜਤਿੰਦਰ ਚੱਢਾ, ਬਾਘਾਪੁਰਾਣਾ ਮੰਡਲ ਪ੍ਰਧਾਨ ਦੀਪਕ ਤਲਵਾੜ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਅਧਿਕਾਰੀ ਹਾਜ਼ਰ ਸਨ।