ਟਕਸਾਲੀ ਅਕਾਲੀ ਪ੍ਰੇਮ ਚੰਦ ਚੱਕੀ ਵਾਲੇ ਆਪਣੇ ਕੇਡਰ ਸਮੇਤ ਆਪ ‘ਚ ਹੋਏ ਸ਼ਾਮਲ, ਆਪ ਹੋਈ ਮਜ਼ਬੂਤ, ਮੁੱਖ ਮੰਤਰੀ ਮਾਨ ਨੇ ਸਾਰੇ ਨੇ ਕੀਤਾ ਸਵਾਗਤ

 ਚੰਡੀਗੜ੍ਹ, 9 ਅਪ੍ਰੈਲ (ਜਸ਼ਨ):  ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ, ਜਦੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਦੇ ਕਈ ਨੇਤਾ ‘ਆਪ’ ਵਿੱਚ ਸ਼ਾਮਲ ਹੋ ਗਏ। ਮੋਗਾ ਤੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਆਪਣੇ ਕੇਡਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਮੋਗਾ ਵਿੱਚ 6 ਵਾਰ ਨਗਰ ਕੌਂਸਲਰ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਰਹਿ ਚੁੱਕੇ ਹਨ।  ਉਨ੍ਹਾਂ ਦੇ ਨਾਲ ਸੰਜੀਵ ਕੁਮਾਰ ਨਰੂਲਾ (ਜਨਰਲ ਸੈਕਤਰ ਪੰਜਾਬ, ਅਕਾਲੀ ਦਲ), ਜਲੌਰ ਸਿੰਘ ਗਿੱਲ (ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਅਕਾਲੀ ਦਲ), ਰਾਜਵੀਰ ਸਿੰਘ ਅਰੋੜਾ (ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਅਕਾਲੀ ਦਲ), ਮਨੋਹਰ ਲਾਲ (ਮੀਤ ਪ੍ਰਧਾਨ ਮੋਗਾ ਅਕਾਲੀ ਦਲ) ਅਤੇ ਕਮਲਦੀਪ ਬਹਿਲ (ਅਕਾਲੀ ਦਲ) ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

 ਸੂਬੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਹਲਕਾ ਇੰਚਾਰਜ ਬਾਘਾਪੁਰਾਣਾ ਅਤੇ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਗੁਰਮਿੰਦਰਜੀਤ ਸਿੰਘ ਬਬਲੂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਸਮੂਹ ਆਗੂਆਂ ਦਾ ਆਮ ਆਦਮੀ ਪਾਰਟੀ ‘ਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਲੋਕ ਸਭਾ ਹਲਕਾ ਫ਼ਰੀਦਕੋਟ ‘ਚ ਪਾਰਟੀ ਹੋਰ ਮਜ਼ਬੂਤ ​​ਹੋਵੇਗੀ ।  ਇਸ ਮੌਕੇ ਮੋਗਾ ਤੋਂ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੀ ਹਾਜ਼ਰ ਸਨ।