ਮਾਡਲ ਕੋਡ ਆਫ਼ ਕੰਡਕਟ ਦੀ ਉਲੰਘਣਾ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਨਾਗਰਿਕ, ‘ਸੀ-ਵਿਜਿਲ’ ਐਪ ਦੀ ਵਰਤੋਂ ਜ਼ਰੂਰ ਕਰਨ : ਐਸ ਡੀ ਐਮ ਸਾਰੰਗਪ੍ਰੀਤ ਸਿੰਘ

ਮੋਗਾ, 5 ਅਪਰੈਲ (ਜਸ਼ਨ )-: ਹਲਕਾ ਮੋਗਾ ਤੋਂ ਐਸ ਡੀ ਐਮ ਸਾਰੰਗਪ੍ਰੀਤ ਸਿੰਘ ਦੀ ਅਗਵਾਈ ‘ਚ ਫਲਾਇੰਗ ਸਕੁਐਡ ਅਤੇ ਨਿਗਰਾਨੀ ਟੀਮਾਂ  ਨਾਲ ਮੀਟਿੰਗ ਕਰਦੇ ਹੋਏ ਸੀ-ਵਿਜਿਲ ਨੋਡਲ ਅਫਸਰ ਅਮਨਦੀਪ ਗੋਸਵਾਮੀ ਅਤੇ ਮਨਦੀਪ ਸ਼ਰਮਾ ਵੱਲੋਂ ਡਿਊਟੀ ਮੈਜੇਸਟ੍ਰੇਟਸ ਨਾਲ ਸ਼ਿਕਾਇਤਾਂ ਦਾ 50 ਮਿੰਟਾਂ ਵਿਚ ਸਹੀ ਢੰਗ ਨਾਲ ਨਿਪਟਾਰਾ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ ।ਇਸ ਮੌਕੇ ਐਸ ਡੀ ਐਮ ਸਾਰੰਗਪ੍ਰੀਤ ਸਿੰਘ ਨੇ ਸੀ-ਵਿਜਿਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਐਪ ਸੁਚੇਤ ਨਾਗਰਿਕ, ਸੁਤੰਤਰ ਅਤੇ ਨਿਰਪੱਖ ਚੋਣਾਂ ਦੇ ਸੰਚਾਲਨ ਵਿੱਚ ਸਰਗਰਮ ਅਤੇ ਜ਼ਿੰਮੇਵਾਰ ਭੂਮਿਕਾ ਨੂੰ ਦਰਸਾਉਂਦੀ ਹੈ। ਉਹਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੁਆਰਾ ਲਾਂਚ ਕੀਤੀ ਗਈ ਨਵੀਂ ਸੀ-ਵਿਜਿਲ ਐਪ ਇਹਨਾਂ ਸਾਰੀਆਂ ਕਮੀਆਂ ਨੂੰ ਭਰਨ ਅਤੇ ਇੱਕ ਫਾਸਟ-ਟ੍ਰੈਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਹੈ। ਉਹਨਾਂ ਦੱਸਿਆ ਕਿ ਸੀ-ਵਿਜਿਲ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਅਤੇ ਖਰਚਿਆਂ ਦੀ ਉਲੰਘਣਾ ਦੀ ਰਿਪੋਰਟ ਕਰਨ ਲਈ ਨਾਗਰਿਕਾਂ ਦੇ ਵਰਤੋਂ ਲਈ ਇੱਕ ਨਵੀਨਤਾਕਾਰੀ ਮੋਬਾਈਲ ਐਪਲੀਕੇਸ਼ਨ ਹੈ ਅਤੇ ਇਸ ਐਪ ਦੀ ਵਰਤੋਂ ਕਰਕੇ, ਨਾਗਰਿਕ ਮਾਡਲ ਕੋਡ ਆਫ਼ ਕੰਡਕਟ ਦੀ ਉਲੰਘਣਾ ਦੀਆਂ ਘਟਨਾਵਾਂ ਨੂੰ ਦੇਖਣ ਤੋਂ ਕੁਝ ਮਿੰਟਾਂ ਦੇ ਅੰਦਰ ਅਤੇ ਰਿਟਰਨਿੰਗ ਅਫਸਰ ਦੇ ਦਫ਼ਤਰ ਵਿੱਚ ਬਿਨਾਂ ਦੇਰੀ ਰਿਪੋਰਟ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਨਾਗਰਿਕ, ਇਸ ਐਪ ’ਤੇ  ਮਾਡਲ ਕੋਡ ਆਫ਼ ਕੰਡਕਟ ਦੀ ਉਲੰਘਣਾ ਦੀ ਸਿਰਫ਼ ਇਕ ਤਸਵੀਰ ਜਾਂ ਗਤੀਵਿਧੀ ਦੀ ਵੀਡੀਓ ਕਲਿਪ ਨੂੰ ਮੋਬਾਈਲ ਐਪਲੀਕੇਸ਼ਨ ‘ਤੇ ਅੱਪਲੋਡ ਕਰਨ ਕਰਨਗੇ ਅਤੇ ਉਸ ਉਪਰੰਤ ਪ੍ਰਸ਼ਾਸਨ ਇਸ ਤਰਾਂ ਦੇ ਮਾਡਲ ਕੋਡ ਆਫ਼ ਕੰਡਕਟ ਦੀ ਉਲੰਘਣਾ ਦੇ ਵਰਤਾਰਿਆਂ ਨੂੰ ਠੱਲ ਪਾਉਣ ਲਈ ਤੁਰੰਤ ਹਰਕਤ ਵਿਚ ਆਵੇਗਾ । ਇਸ ਮੌਕੇ ਇਲੈਕਸ਼ਨ ਕਾਨੂੰਗੋ ਜਸਵੀਰ ਸਿੰਘ ਨੇ ਨਿਰਪੱਖ ਰਹਿ ਡਿਊਟੀ ਨਿਭਾਉਣ ਲਈ ਪ੍ਰੇਰਤ ਕੀਤਾ।