ਮੋਗਾ ਪੁਲਿਸ ਵੱਲੋਂ ਚਾਰ ਨਸ਼ਾ ਤਸਕਰਾਂ ਦੀ 2.14 ਕਰੋੜ ਕੀਮਤ ਦੀ ਜਾਇਦਾਦ ਜ਼ਬਤ
ਮੋਗਾ, 29 ਮਾਰਚ (ਜਸ਼ਨ) - ਮੋਗਾ ਜ਼ਿਲ੍ਹੇ ਦੇ ਐਸ.ਐਸ.ਪੀ ਮੋਗਾ, ਸ਼੍ਰੀ ਵਿਵੇਕ ਸ਼ੀਲ ਸੋਨੀ, ਨੇ ਅੱਜ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਪੁਲਿਸ ਵੱਲੋ ਨਸ਼ਿਆਂ ਖਿਲਾਫ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਅਧੀਨ ਐਸ.ਪੀ (ਆਈ) ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਦੀ ਨਿਗਰਾਨੀ ਵਿਚ, ਮੋਗਾ ਪੁਲਿਸ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨ ਡੀ ਪੀ ਐਸ) ਐਕਟ ਦੀ ਧਾਰਾ 68-ਐਫ (2) ਤਹਿਤ ਚਾਰ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਏ।
ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਜ਼ਾਇਦਾਦ ਜ਼ਬਤ ਕਰਨਾ ਪੰਜਾਬ ਪੁਲਿਸ ਦੇ ਸਖ਼ਤ ਕਦਮਾਂ ਵਿਚੋ ਇਕ ਹੈ, ਜੋ ਕਿ ਸਮਾਜ ਵਿੱਚ ਨਸ਼ਿਆਂ ਦੀ ਲਾਹਨਤ ਨੂੰ ਰੋਕਣ ਲਈ ਅਪਣਾਏ ਗਏ ਹਨ। ਉਹਨਾਂ ਆਖਿਆ ਕਿ ਇਸਤਰਾਂ ਦੀ ਕਾਰਵਾਈ ਇੱਕ ਸਖ਼ਤ ਸੁਨੇਹਾ ਭੇਜਦੀ ਹੈ ਕਿ ਗੈਰ-ਕਾਨੂੰਨੀ ਨਸ਼ੇ ਦੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ, ਜਿਸ ਵਿੱਚ ਗੈਰ-ਕਾਨੂੰਨੀ ਤਰੀਕਿਆਂ ਨਾਲ ਹਾਸਲ ਕੀਤੀ ਜਾਇਦਾਦ ਦਾ ਨੁਕਸਾਨ ਵੀ ਸ਼ਾਮਲ ਹੈ।
ਉਹਨਾਂ ਹੋਰ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਦੌਲੇਵਾਲਾ ਜਿਲਾ ਮੋਗਾ, ਦੀ 19 ਲੱਖ 76 ਹਜ਼ਾਰ 400 ਰੁਪਏ ਦੀ ਜਾਇਦਾਦ, ਗੁਰਦੀਪ ਕੌਰ ਵਾਸੀ ਦੌਲੇਵਾਲਾ ਜ਼ਿਲ੍ਹਾ ਮੋਗਾ, ਦੀ 22 ਲੱਖ ਰੁਪਏ ਦੀ ਜਾਇਦਾਦ, ਗੁਰਚਰਨ ਸਿੰਘ ਉਰਫ ਤੋਤਾ ਵਾਸੀ ਰਾਊਕੇ ਕਲਾਂ ਦੀ 1 ਕਰੋੜ 34 ਲੱਖ 83 ਹਜ਼ਾਰ 812 ਰੁਪਏ ਅਤੇ ਸਰਬਜੀਤ ਸਿੰਘ ਉਰਫ ਸਰਬਾ ਵਾਸੀ ਮਲਸੀਆਂ, ਪਿੰਡ ਕੋਕਰੀ ਕਲਾਂ, ਥਾਣਾ ਅਜੀਤਵਾਲ, ਜ਼ਿਲ੍ਹਾ ਮੋਗਾ, ਦੀ 37 ਲੱਖ 80 ਹਜ਼ਾਰ 426 ਰੁਪਏ ਦੀ ਜਾਇਦਾਦ ਜ਼ਬਤ ਕਰਦਿਆਂ, ਕੁੱਲ 2 ਕਰੋੜ 14 ਲੱਖ 40 ਹਜ਼ਾਰ 638 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਏ।
ਉਹਨਾਂ ਕਿਹਾ ਕਿ ਮੋਗਾ ਪੁਲਿਸ, ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਹ ਪ੍ਰਾਪਤੀ ਨਸ਼ਿਆਂ ਦੀ ਸਪਲਾਈ ਲੜੀ ਨੂੰ ਭੰਗ ਕਰਨ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।