ਪ੍ਰੋ. ਦਮਨਪ੍ਰੀਤ ਸਿੰਘ ਪੰਜਾਬ ਦੇ ਵਿਦਿਆਰਥੀਆਂ ਨੂੰ ਕਰ ਰਹੇ ਹਨ ਜਾਗਰੂਕ ਡਾਕਟਰ ਜਗਜੀਤ ਸਿੰਘ ਧੂਰੀ

ਮੋਗਾ, 12 ਫਰਵਰੀ (ਜਸ਼ਨ) ਡਗਲਸ ਕਾਲਜ ਨਿਊ ਵੈਸਟ ਬ੍ਰਿਟਿਸ਼ ਕੋਲੰਬਿਆ ਕੈਨੇਡਾ ਦੇ ਪ੍ਰੋਫੈਸਰ ਅਤੇ ਇਮੀਗਰੇਸ਼ਨ ਸਲਾਹਕਾਰ ਪ੍ਰੋ. ਦਮਨਪ੍ਰੀਤ ਸਿੰਘ ਵੱਲੋਂ ਪੰਜਾਬ ਦੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿੱਚ ਜਾ ਕੇ ਸੈਮੀਨਾਰ ਕੀਤੇ ਜਾ ਰਹੇ ਹਨ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨਾਲ ਹੋਈ ਇੱਕ ਮੀਟਿੰਗ ਦੌਰਾਨ ਪ੍ਰੋ. ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਰਹੇ ਹਨ, ਉਹਨਾਂ ਨੂੰ ਕੌਂਸਲਿੰਗ ਦੀ ਜ਼ਰੂਰਤ ਹੈ ਕਿਉਂਕਿ ਉਹ ਉੱਥੋਂ ਦੀਆਂ ਭੂਗੋਲਿਕ ਅਤੇ ਆਰਥਿਕ ਸਥਿਤੀਆਂ ਤੋਂ ਅਨਜਾਣ ਹਨ। ਜ਼ਿਕਰਯੋਗ ਹੈ ਕਿ ਫੈਡਰੇਸ਼ਨ ਵੱਲੋਂ ਵੀ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਵਿਦਿਆਰਥੀਆਂ ਦੀ ਮਾਈਗਰੇਸ਼ਨ ਨੂੰ ਲੈ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰੋ. ਦਮਨਜੀਤ ਸਿੰਘ ਮੁਤਾਬਕ ਵਿਦਿਆਰਥੀਆਂ ਨੂੰ ਬਾਰਵੀਂ ਜਮਾਤ ਦੀ ਬਜਾਇ ਗਰੈਜੂਏਸ਼ਨ ਤੋਂ ਬਾਅਦ ਵਿਦੇਸ਼ਾਂ ਦਾ ਰੁਖ ਕਰਨਾ ਚਾਹੀਦਾ ਹੈ। ਜਾਣਕਾਰੀ ਵਿੱਚ ਵਾਧਾ ਕਰਦਿਆਂ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਵਿਦੇਸ਼ ਜਾਣਾ ਜਾਂ ਨਾ ਜਾਣਾ ਇਹ ਵੱਖੋ ਵੱਖਰੇ ਫੈਸਲੇ ਹਨ। ਜਿਹੜੇ ਪਰਿਵਾਰ ਇੱਥੇ ਆਪਣਾ ਗੁਜਰ—ਬਸਰ ਚੰਗੀ ਤਰ੍ਹਾਂ ਕਰ ਰਹੇ ਹਨ, ਉਹਨਾਂ ਲਈ ਵਿਦੇਸ਼ਾਂ ਵਿੱਚ ਜਾਣਾ ਉਚਿਤ ਨਹੀਂ। ਪੰਜਾਬ ਦੀ ਇਹ ਜਰਖੇਜ਼ ਭੂਮੀ ਜੋ ਕਿ ਆਪਣੇ ਲੋਕਾਂ ਦਾ ਢਿੱਡ ਭਰਨ ਦੇ ਨਾਲ ਨਾਲ ਸਾਰੇ ਦੇਸ਼ ਲਈ ਅੰਨ ਉਗਾਉਂਦੀ ਹੈ, ਨੂੰ ਛੱਡ ਕੇ ਜਾਣਾ ਕੋਈ ਸਿਆਣਪ ਨਹੀਂ। ਵਿਦੇਸ਼ ਜਾਣ ਦੇ ਮੌਕੇ ਲੋੜਵੰਦਾਂ ਲਈ ਚੰਗੇ ਹਨ ਕਿਉਂਕਿ ਉੱਥੇ ਵੀ ਤਰੱਕੀ ਦੇ ਸਾਧਨ ਹਨ। ਵਿਦੇਸ਼ ਜਾਣ ਵਾਲੇ ਹਰ ਇੱਕ ਵਿਦਿਆਰਥੀ ਨੂੰ ਪਹਿਲਾਂ ਪੂਰਨ ਤੌਰ ਤੇ ਜਾਣਕਾਰੀ ਹਾਸਲ ਕਰ ਲੈਣੀ ਬਣਦੀ ਹੈ। ਡਾ. ਧੂਰੀ ਨੇ ਪ੍ਰੋ. ਦਮਨਪ੍ਰੀਤ ਸਿੰਘ ਵੱਲੋਂ ਵੱਖ ਵੱਖ ਸੰਸਥਾਵਾਂ ਵਿੱਚ ਜਾ ਕੇ ਕੀਤੇ ਜਾਂਦੇ ਸੈਮੀਨਾਰ ਕਰਨ ਅਤੇ ਵਿਦਾਰਥੀਆ ਨੂੰ ਸਹੀ ਜਾਣਕਾਰੀ ਦੇਣ ਦੀ ਪ੍ਰਸੰਸ਼ਾ ਕੀਤੀ।