ਡਿਪਟੀ ਕਮਿਸ਼ਨਰ ਨੇ ਪੀ.ਐਮ.ਵਿਸ਼ਵਕਰਮਾ ਯੋਜਨਾ ਤਹਿਤ ਪ੍ਰਾਪਤ 363 ਅਰਜੀਆਂ ਨੂੰ ਅਗਲੇਰੀ ਕਾਰਵਾਈ ਲਈ ਦਿੱਤੀ ਮਨਜੂਰੀ
ਮੋਗਾ, 9 ਜਨਵਰੀ (ਜਸ਼ਨ) - ਭਾਰਤ ਸਰਕਾਰ ਵੱਲੋਂ ਸੁਰੂ ਕੀਤੀ ਗਈ ਪੀ.ਐਮ. ਵਿਸਵਕਰਮਾ ਸਕੀਮ ਦੀ ਜਿਲ੍ਹਾ ਮੋਗਾ ਵਿੱਚ ਵੱਖ ਵੱਖ ਤਰ੍ਹਾਂ ਦੇ 18 ਕਿੱਤਿਆਂ ਨਾਲ ਜੁੜੇ ਹਸਤਕਾਰਾਂ ਦੀ ਰਜਿਸਟ੍ਰੇਸਨ ਦਾ ਕੰਮ ਲਗਾਤਾਰ ਜਾਰੀ ਹੈ।ਅੱਜ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪੀ.ਐਮ. ਵਿਸ਼ਵਕਰਮਾ ਯੋਜਨਾ ਤਹਿਤ ਬਣਾਈ ਗਈ ਜ਼ਿਲ੍ਹਾ ਲਾਗੂਕਰਨ ਕਮੇਟੀ, ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਪੀ.ਐਮ. ਵਿਸ਼ਵਕਰਮਾ ਸਕੀਮ ਤਹਿਤ ਵੱਖ ਵੱਖ ਉਮੀਦਵਾਰਾਂ ਦੀਆਂ ਹੁਣ ਤੱਕ 363 ਅਰਜ਼ੀਆਂ ਆਈਆਂ ਸਨ ਜਿਹਨਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਅਗਲੇਰੀ ਕਾਰਵਾਈ ਲਈ ਮਨਜੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਸਕੀਮ ਤਹਿਤ ਹਸਤ ਕਲਾਕਾਰਾਂ ਨੂੰ ਇਕ ਪੋਰਟਲ ਉੱਤੇ ਰਜਿਸਟਰ ਕਰਵਾਇਆ ਜਾ ਰਿਹਾ ਹੈ। ਰਜਿਸਟਰੇਸ਼ਨ ਦਾ ਕੰਮ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ 300 ਤੋਂ ਵਧੇਰੇ ਕਾਮਨ ਸਰਵਿਸ ਸੈਂਟਰਾਂ ਉੱਤੇ ਜਾਰੀ ਹੈ।ਰਜਿਸਟਰੇਸ਼ਨ ਦਾ ਇਹ ਡਾਟਾ ਜਿਲ੍ਹਾ ਉਦਯੋਗ ਕੇਂਦਰ ‘ਚ ਇਕੱਠਾ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਮੇਟੀ ਨੂੰ ਨਿਰਦੇਸ਼ ਜਾਰੀ ਕੀਤੇ ਕਿ 18 ਕਿੱਤਿਆਂ ਨਾਲ ਜੁੜੇ ਹਸਤਖਾਰਾਂ ਦੀ ਸਤ ਫੀਸਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਦੇ ਯਤਨ ਕੀਤੇ ਜਾਣ। ਉਹਨਾਂ ਦੱਸਿਆ ਕਿ ਇਸ ਸਕੀਮ ਦੇ ਵਿੱਚ ਵਿਸ਼ਵਕਰਮੀਆਂ ਨੂੰ ਉਹਨਾਂ ਦੇ ਕਿੱਤੇ ਵਿੱਚ ਹੋਰ ਨਿਪੁੰਨਤਾ ਲਿਆਉਣ ਲਈ ਟ੍ਰੇਨਿੰਗ ਮੁਹਇਆ ਕਰਵਾਈ ਜਾਵੇਗੀ ਅਤੇ 500 ਰੁਪਏ ਪ੍ਰਤੀ ਦਿਨ ਵੀ ਦਿੱਤੇ ਜਾਣਗੇ ਅਤੇ ਯੋਗ ਹਸਤਕਾਰਾਂ ਨੂੰ ਕੇਂਦਰ ਵੱਲੋਂ ਸਰਟੀਫਿਕੇਟ ਜਾਰੀ ਕਰਨ ਦੇ ਨਾਲ ਨਾਲ ਟੂਲ ਕਿੱਟ ਖਰੀਦਣ ਲਈ 15 ਹਜਾਰ ਰੁਪਏ ਦਾ ਵਾਉਚਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਉਪਰੰਤ ਉਹਨਾਂ ਨੂੰ ਬਿਨਾ ਕਿਸੇ ਫੀਸ ਤੋਂ ਇਕ ਲੱਖ ਰੁਪਏ ਦਾ ਕਰਜਾ ਦਿੱਤਾ ਜਾਵੇਗਾ, ਜਿਸ ਉੱਤੇ ਮਹਿਜ 5 ਫੀਸਦੀ ਦਰ ਨਾਲ ਵਿਆਜ ਲੱਗੇਗਾ। ਨਿਰਧਾਰਤ 18 ਮਹੀਨੇ ਵਿੱਚ ਇਹ ਕਰਜਾ ਲਾਹੁਣ ਵਾਲੇ ਹਸਤ ਕਲਾਕਾਰਾਂ ਨੂੰ ਨਵੇਂ ਸਿਰੇ ਤੋਂ 2 ਲੱਖ ਰੁਪਏ ਕਰਜਾ ਮਿਲਣਯੋਗ ਹੋਵੇਗਾ, ਜਿਸ ਨਾਲ ਉਹ ਆਪਣਾ ਕੰਮ ਹੋਰ ਵਧਾ ਸਕਣਗੇ। ਵਿਸਵਕਰਮੀਆਂ ਨੂੰ ਡਿਜੀਟਲ ਟ੍ਰਾਂਜੈਕਸਨ ਨੂੰ ਸਸਕਤੀਕਰਨ ਕਰਨ ਲਈ ਇੰਨਸੈਂਟਿਵ ਮੁਹਇਆ ਕਰਵਾਏ ਜਾਣਗੇ ਅਤੇ ਉਤਪਾਦਾਂ ਨੂੰ ਸੇਲ ਕਰਨ ਲਈ ਮਾਰਕਟਿੰਗ ਸਪੋਰਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਕੀਮ ਹਸਤ ਕਲਾਕਾਰਾਂ ਦੇ ਆਰਥਿਕ ਅਤੇ ਸਮਾਜਿਕ ਉਥਾਨ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ। ਉਹਨਾਂ ਜਿਲ੍ਹਾ ਮੋਗਾ ਦੇ ਹਸਤ ਕਲਾਕਾਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ 9888880556 ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਮੋਗਾ ਦੇ ਐੱਸ ਡੀ ਐੱਮ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ, ਜਿਲ੍ਹਾ ਉਦਯੋਗ ਕੇਂਦਰ ਮੋਗਾ ਸ੍ਰ ਸੁਖਮਿੰਦਰ ਸਿੰਘ ਰੇਖੀ, ਸ੍ਰ. ਵਜੀਰ ਸਿੰਘ ਅਸਿਸਟੈਂਟ ਡਾਇਰੈਕਟਰ ਮਨਿਸਟਰੀ ਆਫ਼ ਐਮ.ਐਸ.ਐਮ.ਈ.-ਡੀ.ਐਫ.ਓ. ਲੁਧਿਆਣਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।