ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਵਸ ਮੌਕੇ ਪਿੰਡ ਢੁੱਡੀਕੇ ਵਿਖੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਇਲਾਕਾ ਵਾਸੀਆਂ ਨੇ ਕੀਤੇ ਸ਼ਰਧਾ ਸੁਮਨ ਭੇਂਟ

ਮੋਗਾ, 28 ਜਨਵਰੀ (ਜਸ਼ਨ) - ਮਹਾਨ ਆਜ਼ਾਦੀ ਘੁਲਾਟੀਏ ‘ ਪੰਜਾਬ ਕੇਸਰੀ ’ ਲਾਲਾ ਲਾਜਪਤ ਰਾਏ ਜੀ ਦਾ 159ਵਾਂ ਜਨਮ ਦਿਹਾੜਾ ਅੱਜ ਉਹਨਾਂ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।
ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਸ੍ਰ. ਰਣਜੀਤ ਸਿੰਘ ਧੰਨਾ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਲਾਲਾ ਜੀ ਦੀ ਸਮਾਰਕ ’ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਵਿਧਾਇਕ  ਮਨਜੀਤ ਸਿੰਘ ਬਿਲਾਸਪੁਰ , ਵਿਧਾਇਕ ਅਮਨਦੀਪ ਕੌਰ ਅਰੋੜਾ, ਵਿਧਾਇਕ ਅਮ੍ਰਿਤਪਾਲ ਸਿੰਘ ਅਤੇ ਸਾਬਕਾ ਮੰਤਰੀ ਡਾ: ਮਾਲਤੀ ਥਾਪਰ ਨੇ ਸ਼ਿਰਕਤ ਕੀਤੀ।
ਸਮਾਗਮ ਤੋਂ ਪਹਿਲਾਂ ਸਮੂਹ ਹਾਜ਼ਰੀਨਾਂ ਨੇ ਲਾਲਾ ਜੀ ਦੇ ਆਦਮਕੱਦ ਬੁੱਤ ਨਜ਼ਦੀਕ ਪਹੁੰਚ ਕੇ ਉਨਾਂ ਨੂੰ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਉਨਾਂ ਦੀ ਕੁਰਬਾਨੀ ਨੂੰ ਸੱਜਦਾ ਕੀਤਾ।ਇਸ ਮੌਕੇ ਉਨਾਂ ਯਾਦਗਾਰੀ ਲਾਇਬਰੇਰੀ ਵਿਚ ਆਜ਼ਾਦੀ ਸੰਗਰਾਮੀਆਂਦੀਆਂਤਸਵੀਰਾਂ ਨੂੰ ਗਹੁ ਨਾਲ ਦੇਖਿਆ। ਇਸ ਮੌਕੇ ਸ. ਬੈਂਸ ਨੇ ਵਿਜ਼ਿਟਰ ਬੁੱਕ ਵਿਚ ਆਪਣੇ ਮਨੋਭਾਵ ਦਰਜ ਕੀਤੇ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਾਲਾ ਲਾਜਪਤ ਰਾਏ ਦੇ ਬੁੱਤ ਦੇ ਗੱਲ ਵਿਚ ਹਾਰ ਪਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਆਖਿਆ ਕਿ ਭਾਰਤ ਦੀ ਅਜ਼ਾਦੀ ਲਈ ਵਿੱਢੇ ਸੰਘਰਸ਼ ‘ਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਹਰੇਕ ਭਾਰਤ ਵਾਸੀ ਨੂੰ,  ਲਾਲਾ ਲਾਜਪਤ ਰਾਏ ਅਤੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਅਤੇ ਘਾਲਣਾਵਾਂ ਉੱਤੇ ਮਾਣ ਹੈ। ਉਹਨਾਂ ਆਖਿਆ ਕਿ ਲਾਲਾ ਲਾਜਪਤ ਰਾਏ ਸ਼ਹੀਦ ਭਗਤ ਸਿੰਘ ਵਰਗੇ ਸੂਰਮਿਆਂ ਦੇ ਮੈਂਟਰ ਸਨ । ਉਹਨਾਂ ਆਖਿਆ ਕਿ ਲਾਲਾ ਲਾਜਪਤ ਰਾਏ ਵੱਲੋਂ ਸਥਾਪਿਤ ਕੀਤੇ ਸੰਸਥਾਨ ਅੱਜ ਵੀ ਦੇਸ਼ ਦੀ ਸੇਵਾ ਕਰ ਰਹੇ ਹਨ। ਸ.ਬੈਂਸ ਨੇ ਆਖਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਦੀ ਧਰਤੀ ਭਾਗਾਂ ਵਾਲੀ ਹੈ, ਜਿੱਥੇ ਲਾਲਾ ਜੀ ਅਤੇ ਗਦਰੀ ਬਾਬਿਆਂ ਨੇ ਜਨਮ ਲਿਆ ਜਿਹਨਾਂ ਵੱਲੋਂ ਅਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਉਹਨਾਂ ਆਖਿਆ ਕਿ ਲਾਲਾ ਜੀ ਦੇ ਬਲਿਦਾਨ ਤੋਂ , ਨੌਜਵਾਨ ਪੀੜੀ ਨੂੰ ਦੇਸ਼ ਭਗਤੀ ਦਾ ਜਜ਼ਬਾ ਕਾਇਮ ਕਰਨ ਦੀ ਪ੍ਰੇਰਨਾ ਮਿਲਦੀ ਰਹੇਗੀ। ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ ਅਤੇ ਕਮੇਟੀ ਵੱਲੋਂ ਕੈਬਨਿਟ ਮੰਤਰੀ ਬੈਸ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ, ਐੱਸ ਡੀ ਐੱਮ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਹਰਮਨਦੀਪ ਸਿੰਘ ਬਰਾੜ, ਨਗਰ ਨਿਗਮ ਮੋਗਾ ਦੇ ਮੇਅਰ ਸ੍ਰ ਬਲਜੀਤ ਸਿੰਘ ਚਾਨੀ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਸ੍ਰ ਹਰਜਿੰਦਰ ਸਿੰਘ ਰੋਡੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।