ਵਿਕਸਿਤ ਭਾਰਤ ਸੰਕਲਪ ਯਾਤਰਾ ਮੋਗਾ ਦੇ ਕਸਬਾ ਬਾਘਾਪੁਰਾਣਾ ਪਹੁੰਚੀ
ਮੋਗਾ, 1 ਜਨਵਰੀ (ਜਸ਼ਨ) ਵਿਕਸਿਤ ਭਾਰਤ ਯਾਤਰਾ ਦੇ ਅੱਜ ਮੋਗਾ ਦੇ ਕਸਬੇ ਬਾਘਾਪੁਰਾਣਾ ਵਿਖੇ ਪਹੁੰਚਣ ’ਤੇ ਆਮ ਲੋਕਾਂ ਨੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਪ੍ਰਤੀ ਵੱਡੀ ਦਿਲਚਸਪੀ ਦਿਖਾਈ। ਇਸ ਮੌਕੇ ਕੇਂਦਰੀ ਯੋਜਨਾਵਾਂ ਦਾ ਲਾਹਾ ਲੈ ਚੁੱਕੇ ਲਾਭਪਾਤਰੀਆਂ ਨੇ ਨਵੀਆਂ ਯੋਜਨਾਵਾਂ ਨੂੰ ਜਾਣਨ ਲਈ ਉਤਸ਼ਾਹ ਦਿਖਾਇਆ । ਇਸ ਮੌਕੇ ਨੈਸ਼ਨਲ ਅਰਬਨ ਲਿਵਲੀਹੁੱਡ ਮਿਸ਼ਨ ਦੇ ਸਿਟੀ ਮੈਨੇਜਰ ਜਸਵਿੰਦਰ ਸਿੰਘ ਨੇ ਸੰਬੌਧਨ ਕਰਦਿਆਂ ਆਖਿਆ ਕਿ ਜਿਹਨਾਂ ਰੇਹੜੀ ਫੜ੍ਹੀ ਵਾਲੇ ਲੋਕਾਂ ਨੇ ਸਵੈ ਨਿੱਧੀ ਯੋਜਨਾ ਤਹਿਤ 10 ਹਜ਼ਾਰ ਰੁਪਏ ਦਾ ਕਰਜ਼ਾ ਪ੍ਰਾਪਤ ਕੀਤਾ ਸੀ ਅਤੇ ਉਹਨਾਂ ਇਹ ਕਰਜ਼ਾਂ ਨਿਰਧਾਰਿਤ ਸ਼ਰਤਾਂ ’ਤੇ ਵਾਪਸ ਕਰ ਦਿੱਤਾ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਵੱਲੋਂ ਮੈਪ ਕਰ ਲਿਆ ਗਿਆ ਹੈ। ਉਹਨਾਂ ਆਖਿਆ ਕਿ ਇਹ ਪਰਿਵਾਰਕ ਮੈਂਬਰ ਹੁਣ ਸਵੈਨਿੱਧੀ ਤੋਂ ਸਮਰਿਧੀ ਯੋਜਨਾ ਦੇ ਘੇਰੇ ਵਿਚ ਆ ਕੇ ਸਰਕਾਰ ਦੀਆਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਜੀਵਨ ਜੋਤੀ ਬੀਮਾ ਯੋਜਨਾ , ਜਨਧੰਨ ਯੋਜਨਾ, ਸ਼ਰਮਯੋਗੀ ਮਾਨਧੰਨ ਯੋਜਨਾ, ਇਕ ਰਾਸ਼ਟਰ ਇਕ ਰਾਸ਼ਨ ਕਾਰਨਾ, ਜਣਪਾ ਸੁਰੱਖਿਆ ਯੋਜਨਾ , ਮਾਤਰੂ ਵੰਦਨਾ ਯੋਜਨਾ ਆਦਿ ਲਈ ਯੋਗ ਹੋਣਗੇ।
ਇਸ ਮੌਕੇ ਸੈਲਫ਼ ਹੈਲਪ ਗਰੁੱਪ ਚਲਾ ਰਹੀਆਂ ਮਹਿਲਾਵਾਂ ਨੇ ਵੀ ਸ਼ਿਰਕਤ ਕੀਤੀ। ਮਹਿਲਾਵਾਂ ਨੇ ਆਖਿਆ ਕਿ ਸੈਲਫ਼ ਹੈਲਪ ਗਰੁੱਪ ਬਣਾ ਕੇ ਉਹ ਸਵੈ ਰੋਜ਼ਗਾਰ ਰਾਹੀਂ ਮਾਣਮੱਤਾ ਮਹਿਸੂਸ ਕਰ ਰਹੀਆਂ ਹਨ।
ਯਾਤਰਾ ਦੇ ਪੜਾਅ ਦੌਰਾਨ ਕੌਮੀਂ ਸਿਹਤ ਮਿਸ਼ਨ ਤਹਿਤ ਮੌਕੇ ’ਤੇ ਸ਼ੂਗਰ , ਬਲੱਡ ਪ੍ਰੈਸ਼ਰ ਆਦਿ ਚੈੱਕ ਕਰਕੇ ਲੋੜਵੰਦਾਂ ਨੂੰ ਮੁੱਫਤ ਦਵਾਈਆਂ ਵੀ ਦਿੱਤੀਆਂ ਗਈਆਂ। ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਕਾਰਡ ਬਣਾਉਣ ਲਈ ਮੌਕੇ ’ਤੇ ਆਮ ਲੋਕਾਂ ਦੇ ਆਧਾਰ ਕਾਰਡ ਪੰਜੀਕ੍ਰਿਤ ਕੀਤੇ।
ਇਸ ਮੌਕੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਵਾਲੀਆਂ ਕੌਮੀਂ ਯੋਜਨਾਵਾਂ ਨੂੰ ਦਰਸਾਉਂਦੇ ਕੈਲੰਡਰ ਵੀ ਆਮ ਲੋਕਾਂ ਨੂੰ ਵੰਡੇ ਗਏ। ਇਸ ਮੌਕੇ ਆਮ ਲੋਕਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇੋਂ ਵਿਕਸਤ ਭਾਰਤ ਸੰਕਲਪ ਦੀ ਪੂਰਤੀ ਲਈ ਪ੍ਰਣ ਲਿਆ।
ਇਸ ਮੌਕੇ ਸਿਹਤ ਵਿਭਾਗ , ਫੂਡ ਸਪਲਾਈ ਵਿਭਾਗ , ਐੱਸ ਡੀ ਐੱਮ ਦਫਤਰ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਲੋਕਾਂ ਨੂੰ ਯੋਜਨਾਵਾਂ ਤੋਂ ਜਾਣੂੰ ਕਰਵਾਇਆ।